


???? ਗਮਲੇ ਚੋਰ, ਗਮਲੇ ਚੋਰ ਦੀਆਂ ਆਵਾਜ਼ਾਂ ਨਾਲ ਗੂੰਜਿਆ ਬਿਸ਼ਨ ਨਗਰ
???? ਗਮਲੇ ਚੋਰਾਂ ਤੋਂ ਲੋਕ ਪਰੇਸ਼ਾਨ, ਪੁਲਿਸ ਬੇਖਬਰ
ਪਟਿਆਲਾ, 29 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਉਂਝ ਤਾਂ ਵੱਖ ਵੱਖ ਸ਼ਹਿਰਾਂ ਵਿੱਚ ਅਕਸਰ ਗਮਲੇ ਚੋਰੀ ਹੋਣ ਦੀਆਂ ਖਬਰਾਂ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ ਅਤੇ ਕਈ ਵਾਰੀ ਸੋਸ਼ਲ ਮੀਡੀਆ ਉਤੇ ਅਜਿਹੀ ਅਨੋਖੀ ਚੋਰੀ ਦੀਆਂ ਵੀਡੀਓਜ਼ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਪ੍ਰੰਤੂ ਪਟਿਆਲਾ ਦੇ ਬਿਸ਼ਨ ਨਗਰ ਇਲਾਕ਼ੇ ਵਿੱਚ ਅੱਜ ਜੋ ਕੁੱਝ ਹੋਇਆ, ਉਹ ਵਾਕਈ ਅਨੋਖਾ ਸੀ।
ਮਾਮਲਾ ਇਸ ਤਰ੍ਹਾਂ ਵਾਪਰਿਆ ਕਿ ਬਿਸ਼ਨ ਨਗਰ ਇਲਾਕ਼ੇ ਵਿੱਚ 2 ਗਲੀਆਂ, 4 ਤੇ 5 ਨੰਬਰ, ਵਿੱਚ ਸਥਿਤ ਘਰਾਂ ਕੋਠੀਆਂ ਵਿੱਚੋ ਇੱਕ ਮਹਿਲਾ ਆਪਣੇ ਸਾਥੀਆਂ ਨਾਲ ਮਿਲ ਕੇ ਗਮਲੇ ਚੋਰੀ ਕਰਕੇ ਆਪਣੇ ਘਰ ਲੈ ਗਈ। ਜਦੋਂ ਕਿਸੇ ਨੂੰ ਸੀਸੀਟੀਵੀ ਕੈਮਰੇ ਰਾਹੀਂ ਇਸਦਾ ਪਤਾ ਲੱਗਿਆ ਤਾਂ ਉਸ ਨੇ ਹੋਰ ਮੁਹੱਲੇ ਵਾਲਿਆਂ ਨੂੰ ਦੱਸਿਆ ਅਤੇ ਇਹ ਗੱਲ ਇੱਕ ਤੋਂ ਦੁੱਜੇ ਮੁਹੱਲਿਆਂ ਵਿਚ ਫੈਲ ਗਈ। ਕਿਸੇ ਨੇ ਗਮਲੇ ਚੋਰੀ ਕਰਨ ਵਾਲੇ ਮਹਿਲਾ ਨੂੰ ਪਛਾਣ ਲਿਆ ਅਤੇ ਇੱਕ ਦੂਜੇ ਤੋਂ ਪੁੱਛ ਪੁੱਛ ਕੇ ਉਸ ਦਾ ਘਰ ਲੱਭ ਕੇ ਉਸਦੇ ਘਰ ਪਹੁੰਚ ਗਏ, ਜਿੱਥੇ ਲੋਕਾਂ ਨੇ ਆਪਣੇ ਗਮਲੇ ਪਛਾਣ ਲਏ। ਟੀਨੂੰ ਨਾਮ ਦੀ ਮਹਿਲਾ ਨੂੰ ਲੋਕਾਂ ਨੇ ਝਿੜਕਿਆ ਅਤੇ ਚੋਰੀ ਕੀਤੇ ਗਮਲੇ ਵਾਪਸ ਲੋਕਾਂ ਦੇ ਘਰਾਂ ਵਿੱਚ ਰੱਖ ਕੇ ਆਉਣ ਲਈ ਕਿਹਾ। ਮਹਿਲਾ ਚੋਰ ਨੇ ਸਭ ਦੇ ਗਮਲੇ ਵਾਪਸ ਰੱਖ ਕੇ ਆਉਣ ਦੀ ਗੱਲ ਕਹਿ ਕੇ ਮਾਫੀ ਮੰਗੀ।
ਇੰਨਾ ਹੀ ਨਹੀਂ, ਜਦੋਂ ਉਕਤ ਮਹਿਲਾ ਅਤੇ ਉਸਦੇ ਸਾਥੀ ਚੋਰੀ ਕੀਤੇ ਗਮਲੇ ਆਪਣੇ ਮੋਢਿਆਂ ਉੱਤੇ ਰੱਖ ਕੇ ਜਾ ਰਹੇ ਸੀ ਤਾਂ ਇਲਾਕੇ ਦੇ ਬੱਚੇ “ਗਮਲੇ ਚੋਰ, ਗਮਲੇ ਚੋਰ …” ਬੋਲਦੇ ਹੋਏ ਉਨ੍ਹਾਂ ਦਾ ਜਲੂਸ ਕੱਢ ਰਹੇ ਸਨ। ਇਸ ਦੌਰਾਨ ਜਿੱਥੋਂ ਜਿਥੋਂ ਉਹ ਲੰਘਦੇ ਗਏ, ਲੋਕ ਆਪਣੇ ਘਰਾਂ ਤੋਂ ਬਾਹਰ ਆਉਂਦੇ ਰਹੇ। ਇਸ ਵੇਲੇ ਇਲਾਕੇ ਦੇ ਹੋਰ ਵੀ ਕਈ ਲੋਕ ਉਨ੍ਹਾਂ ਦੇ ਨਾਲ ਜਾ ਰਹੇ ਸਨ। ਇਸ ਵੇਲੇ ਦੀ ਵੀਡਿਓ ਕਿਸੇ ਨੇ ਵਾਇਰਲ ਕਰ ਦਿੱਤੀ ਜਿਸ ਨੂੰ ਦੇਖਣ ਸੁਣਨ ਵਾਲੇ ਹੈਰਾਨ ਹੋ ਰਹੇ ਹਨ। ਬਾਅਦ ਵਿਚ ਚੋਰਾਂ ਨੂੰ ਨੇੜੇ ਦੇ ਪੰਚਾਇਤੀ ਗੁਰੂਦੁਆਰੇ ਵਿਖੇ ਮਾਫੀ ਮੰਗਣ ਅਤੇ ਅੱਗੇ ਤੋਂ ਚੋਰੀ ਨਾ ਕਰਨ ਦੀ ਸਹੁੰ ਖਾਣ ਤੋਂ ਬਾਅਦ ਸਹੀ ਸਲਾਮਤ ਘਰ ਭੇਜ ਦਿੱਤਾ।
ਉਧਰ, ਪੁਲਿਸ ਨੂੰ ਇਸ ਮਾਮਲੇ ਸੰਬੰਧੀ ਕੋਈ ਜਾਣਕਾਰੀ ਨਾ ਹੋਣ ਕਰਕੇ ਉਹ ਬੇਖ਼ਬਰ ਹੈ। ਇਸ ਇਲਾਕੇ ਵਿੱਚ ਪਹਿਲਾਂ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਵੈਸੇ, ਹੁਣ ਤਾਂ ਪਟਿਆਲਾ ਹੀ ਨਹੀਂ, ਸਗੋਂ ਪੰਜਾਬ ਭਰ ਵਿੱਚ ਨਿਤ ਦਿਨ ਲੁੱਟ ਖੋਹ ਦੀਆਂ ਖਬਰਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ। Newsline Express
