????ਸੰਸਦ ਮੈਂਬਰ ਪਟਿਆਲਾ ਪ੍ਰਨੀਤ ਕੌਰ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਦਖਲ ਦੇਣ ਅਤੇ ਸਾਡੇ ਨੌਜਵਾਨਾਂ ਨੂੰ ਘਰ ਵਾਪਸ ਲਿਆਉਣ ਦੀ ਅਪੀਲ ਕੀਤੀ
ਪਟਿਆਲਾ, 2 ਅਪਰੈਲ – ਨਿਊਜ਼ਲਾਈਨ ਐਕਸਪ੍ਰੈਸ – ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਯੂਕਰੇਨ ਯੁੱਧ ਵਿੱਚ ਫਸੇ ਪਟਿਆਲਾ ਦੇ ਨੌਜਵਾਨ ਦੀ ਸੁਰੱਖਿਅਤ ਘਰ ਵਾਪਸੀ ਨੂੰ ਯਕੀਨੀ ਬਣਾਉਣ।
ਮਦਦ ਲਈ ਅਪੀਲ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ, “ਮੇਰੇ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਡਕਾਲਾ ਦਾ ਗੁਰਪ੍ਰੀਤ ਸਿੰਘ ਪੁੱਤਰ ਨਾਇਬ ਸਿੰਘ ਜਨਵਰੀ ਵਿੱਚ ਟੂਰਿਸਟ ਵੀਜ਼ੇ ’ਤੇ ਰੂਸ ਗਿਆ ਸੀ ਅਤੇ ਰੂਸ ਵੱਲੋਂ ਫੜੇ ਗਏ ਸੱਤ ਭਾਰਤੀ ਨਾਗਰਿਕਾਂ ਵਿੱਚੋਂ ਇੱਕ ਹੈ। ਰੂਸੀ ਪੁਲਿਸ ਫੋਰਸ ਨੇ ਇਨ੍ਹਾਂ ਨੌਜਵਾਨਾਂ ਨੂੰ ਫੌਜੀ ਅਫਸਰਾਂ ਦੇ ਹਵਾਲੇ ਕਰ ਦਿੱਤਾ ਸੀ, ਜਿਨ੍ਹਾਂ ਨੇ ਜੰਗ ਦੇ ਦੌਰਾਨ, ਯੂਕਰੇਨ ਦੇ ਵਿਰੁੱਧ ਲੜਨ ਲਈ ਉਨ੍ਹਾਂ ਨੂੰ ਜ਼ਬਰਦਸਤੀ ਮਜ਼ਬੂਰ ਕੀਤਾ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਗੁਰਪ੍ਰੀਤ ਦਾ ਪਰਿਵਾਰ ਆਰਥਿਕ ਤੌਰ ‘ਤੇ ਕਮਜ਼ੋਰ ਪਿਛੋਕੜ ਨਾਲ ਸਬੰਧਤ ਹੈ ਅਤੇ ਉਹ ਇੱਕ ਰਸੋਈਏ ਜਾਂ ਡਰਾਈਵਰ ਵਜੋਂ ਨੌਕਰੀ ਦੀ ਉਮੀਦ ਵਿੱਚ ਰੂਸ ਗਿਆ ਸੀ। ਉਸ ਦਾ ਪਰਿਵਾਰ ਮੈਨੂੰ ਮਿਲਣ ਆਇਆ ਸੀ ਅਤੇ ਆਪਣੇ ਪੁੱਤਰ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਮਦਦ ਮੰਗ ਰਹੇ ਸੀ। ਹਾਲ ਹੀ ਵਿੱਚ ਇਹਨਾਂ ਸੱਤ ਲੜਕਿਆਂ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਉਹ ਵਾਪਿਸ ਭਾਰਤ ਲਿਆਂਦੇ ਜਾਣ ਦੀ ਅਪੀਲ ਕਰ ਰਹੇ ਹਨ।”
ਪਟਿਆਲਾ ਦੇ ਸੰਸਦ ਮੈਂਬਰ ਨੇ ਅੱਗੇ ਕਿਹਾ, “ਮੈਂ ਸਾਡੇ ਮਾਨਯੋਗ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਤੁਰੰਤ ਦਖਲ ਦੇਣ ਅਤੇ ਸਾਰੇ 7 ਮੁੰਡਿਆਂ ਦੀ ਸੁਰੱਖਿਅਤ ਘਰ ਵਾਪਸੀ ਨੂੰ ਯਕੀਨੀ ਬਣਾਉਣ ਲਈ ਰੂਸੀ ਅਧਿਕਾਰੀਆਂ ਕੋਲ ਇਹ ਮਾਮਲਾ ਉਠਾਉਣ।”
ਪਟਿਆਲਾ ਦੇ ਸੰਸਦ ਮੈਂਬਰ ਨੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਵੀ ਇਸ ਦੀ ਮੰਗ ਕੀਤੀ ਹੈ।