???? ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਡਲ ਸਕੂਲ ਦੇ ਬੱਚਿਆਂ ਨੇ ਜਾਣਿਆ ਫਿਰੋਜ਼ਸ਼ਾਹ ਦਾ ਇਤਿਹਾਸ
ਪਟਿਆਲਾ, 7 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦੇ ਦੋ ਦਿਨਾਂ ਵਿਦਿਅਕ ਦੌਰੇ ਤੇ ਗਏ। ਫਿਰੋਜ਼ਪੁਰ ਦੇ ਰਸਤੇ ਵਿੱਚ ਟੂਰਿੰਗ ਪਾਰਟੀ ਨੇ ਮਸਤੂਆਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਅਤੇ ਘੱਲ ਖੁਰਦ ਵਿਖੇ ਐਂਗਲੋ-ਸਿੱਖ-ਵਾਰ ਦੇ ਅਜਾਇਬ ਘਰ ਦਾ ਦੌਰਾ ਕੀਤਾ। ਵਿਦਿਆਰਥੀਆਂ ਨੂੰ ਪਤਾ ਲੱਗਾ ਕਿ ਹਰ ਸਾਲ ਫਿਰੋਜ਼ਪੁਰ ਦੇ ਫੇਰੂ ਸ਼ਹਿਰ ਵਿਖੇ ਐਂਗਲੋ-ਸਿੱਖ-ਯੁੱਧ ਨੂੰ ਸਮਰਪਿਤ ਇਤਿਹਾਸਕ ਟਾਵਰ ਤੇ ਬਹੁਤ ਸਾਰੇ ਅੰਗਰੇਜ਼ ਆਉਂਦੇ ਹਨ। ਫਿਰੋਜ਼ਪੁਰ ਦੇ ਫੇਰੂ ਸ਼ਹਿਰ ਵਿਖੇ ਮਾਸਟਰ ਰਜਿੰਦਰ ਸਿੰਘ ਰਾਜਾ ਨੇ ਅਤੇ ਹੋਰ ਪਿੰਡ ਵਾਸੀਆਂ ਵੱਲੋਂ ਵਿਦਿਆਰਥੀਆਂ ਨੂੰ ਟਾਵਰ ਬਾਰੇ ਜਾਣਕਾਰੀ ਦਿੱਤੀ। ਰਜਿੰਦਰ ਸਿੰਘ ਰਾਜਾ ਅਤੇ ਪਿੰਡ ਵਾਸੀਆਂ ਵੱਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਅਤੇ ਵਿਦਿਆਰਥੀਆਂ ਵਿੱਚ ਬਹੁਤ ਖੁਸ਼ੀ ਪਾਈ ਗਈ।

ਇਸ ਤੋਂ ਬਾਅਦ, ਵਿਦਿਆਰਥੀ ਜਲੰਧਰ ਦੇ ਇੱਕ ਹੋਰ ਪ੍ਰਮੁੱਖ ਸੈਲਾਨੀ ਆਕਰਸ਼ਣ ਜੰਗ-ਏ-ਆਜ਼ਾਦੀ ਅਜਾਇਬ ਘਰ ਲਈ ਰਵਾਨਾ ਹੋਏ। ਇਸ ਤੋਂ ਇਲਾਵਾ ਉਨ੍ਹਾਂ ਬਜੀਦਪੁਰ ਵਿਖੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਬਣੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਵਿਦਿਆਰਥੀਆਂ ਨੇ ਹੁਸੈਨੀਵਾਲਾ ਸਰਹੱਦ ਤੇ ਸ਼ਹੀਦ ਭਗਤ ਸਿੰਘ ਦੀ ਸਮਾਧੀ ਤੇ ਵੀ ਮੱਥਾ ਟੇਕਿਆ। ਉਹ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਵੀ ਗਏ। ਸ਼ਾਮ ਨੂੰ ਵਿਦਿਆਰਥੀਆਂ ਨੇ ਫਿਰੋਜ਼ਪੁਰ ਬਾਰਡਰ ਤੇ ਬੀਟ ਦਾ ਰਿਟਰੀਟ ਸਮਾਰੋਹ ਦੇਖਿਆ। ਅੰਮ੍ਰਿਤਸਰ ਵਿਚ ਵਿਦਿਆਰਥੀਆਂ ਨੇ ਹਰਿਮੰਦਰ ਸਾਹਿਬ ਅਤੇ ਜਲ੍ਹਿਆਂਵਾਲਾ ਬਾਗ ਦੇ ਦਰਸ਼ਨ ਕੀਤੇ। ਵਿਦਿਆਰਥੀਆਂ ਨਾਲ ਏ.ਐਨ.ਓ ਸਤਵੀਰ ਸਿੰਘ ਗਿੱਲ, ਹਰਪ੍ਰੀਤ ਸਿੰਘ ਅਤੇ ਕੋਮਲ ਰਾਜਦੇਵ ਮੌਜੂਦ ਰਹੇ। ਟੂਰ ਦੇ ਦੌਰਾਨ ਵੱਖ ਵੱਖ ਧਾਰਮਿਕ ਸਥਾਨਾਂ ਤੇ ਸਤਵੀਰ ਸਿੰਘ ਵੱਲੋਂ ਫਲਦਾਰ ਬੂਟੇ ਵੰਡੇ ਗਏ।
