ਪਟਿਆਲਾ, 4 ਮਈ – ਨਿਊਜ਼ਲਾਈਨ ਐਕਸਪ੍ਰੈਸ – ਲੋਕ ਸਭਾ ਚੋਣਾਂ ਦਰਮਿਆਨ ਪਟਿਆਲਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪਰਨੀਤ ਕੌਰ ਦਾ ਵਿਰੋਧ ਕਰ ਰਹੇ ਇੱਕ ਕਿਸਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਧਰਨੇ ਦੌਰਾਨ ਪੁਲਿਸ ਅਤੇ ਭਾਜਪਾ ਸਮਰਥਕਾਂ ਵੱਲੋਂ ਧੱਕਾ ਦਿੱਤੇ ਜਾਣ ਕਾਰਨ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਰਨੀਤ ਕੌਰ ਚੋਣ ਪ੍ਰਚਾਰ ਲਈ ਪਿੰਡ ਰਾਜਪੁਰਾ ਪਹੁੰਚੇ ਹੋਏ ਸਨ। ਇਸ ਦੌਰਾਨ ਕਿਸਾਨਾਂ ਨੇ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਦਾ ਵਿਰੋਧ ਕੀਤਾ। ਇਸ ਧੱਕਾ-ਮੁੱਕੀ ਦੌਰਾਨ ਇੱਕ ਕਿਸਾਨ ਡਿੱਗ ਪਿਆ ਜਿਸ ਨੂੰ ਉਸਦੇ ਸਾਥੀ ਕਿਸਾਨਾਂ ਨੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਕਿਸਾਨ ਦੀ ਪਛਾਣ ਸੁਰਿੰਦਰਪਾਲ (45) ਵਾਸੀ ਪਿੰਡ ਆਕੜੀ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਕਿਸਾਨਾਂ ਵਿਚ ਭਾਜਪਾ ਨੂੰ ਲੈ ਕੇ ਰੋਸ ਬਣਿਆ ਹੋਇਆ ਹੈ। ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਪਹੁੰਚ ਰਹੇ ਬੀਜੇਪੀ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਕਿਸਾਨਾਂ ’ਤੇ ਅੱਤਿਆਚਾਰ ਕੀਤੇ ਗਏ। ਪੱਤਰਕਾਰਾਂ ‘ਤੇ ਹਮਲਾ ਕੀਤਾ ਗਿਆ, ਜਿਨ੍ਹਾਂ ਨੂੰ ਫਾਂਸੀ ਦਿੱਤੀ ਜਾਣੀ ਸੀ, ਉਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਭਾਜਪਾ ਵਰਕਰ ਜਾਂ ਕੋਈ ਉਮੀਦਵਾਰ ਕਿਸੇ ਵੀ ਪਿੰਡ ਵਿੱਚ ਵੋਟਾਂ ਮੰਗਣ ਜਾਂਦਾ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ।