



???? ਸਰਕਾਰੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹੋਈ ਪੱਤਰਕਾਰ ਦੀ ਮੌਤ
???? ਹਨ੍ਹੇਰੀ ਦੌਰਾਨ ਬਿਜਲੀ ਦਾ ਖੰਭਾ ਡਿੱਗਣ ਨਾਲ ਪੱਤਰਕਾਰ ਅਵਿਨਾਸ਼ ਕੰਬੋਜ ਦੀ ਮੌਤ
???? ਭੜਕੇ ਪੱਤਰਕਾਰਾਂ ਦੇ ਰੋਸ ਤੋਂ ਬਾਅਦ ਪਹੁੰਚੇ ਲੋਕਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦਿੱਤਾ ਮਦਦ ਦਾ ਭਰੋਸਾ
???? ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ ਦੀ ਅਗਵਾਈ ਵਿੱਚ ਮ੍ਰਿਤਕ ਪੱਤਰਕਾਰ ਦੇ ਪਰਿਵਾਰ ਨੂੰ ਸਰਕਾਰ ਤੋਂ ਦੁਆਈ ਜਾਵੇਗੀ ਮਦਦ
ਪਟਿਆਲਾ, 5 ਜੂਨ – ਸੁਨੀਤਾ ਵਰਮਾ, ਰਮਨ ਰਜਵੰਤ, ਰਜਨੀਸ਼ ਸਕਸੈਨਾ, ਅਮਰਜੀਤ ਸਿੰਘ ਲਾਂਬਾ, ਸੁਰਜੀਤ ਗਰੋਵਰ, ਅਮਿਤ ਚਾਵਲਾ, ਰਵਿੰਦਰ ਬਾਲੀ – ਅੱਜ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਨੂੰ ਉਸ ਵੇਲੇ ਭਾਰੀ ਸਦਮਾ ਪਹੁੰਚਿਆ ਜਦੋਂ ਹਨ੍ਹੇਰੀ ਦੌਰਾਨ ਬਿਜਲੀ ਦਾ ਇੱਕ ਬਹੁਤ ਵੱਡਾ ਤੇ ਭਾਰੀ ਖੰਭਾ ਮੀਡੀਆ ਕਵਰੇਜ ਕਰ ਰਹੇ ਪੱਤਰਕਾਰ ਅਵਿਨਾਸ਼ ਕੰਬੋਜ ਦੇ ਉਤੇ ਡਿੱਗਣ ਕਾਰਨ ਉਸਦੀ ਮੌਤ ਦੀ ਮੰਦਭਾਗੀ ਖਬਰ ਸੁਣ ਨੂੰ ਮਿਲੀ।
ਪਟਿਆਲਾ ਦੇ ਆਰੀਆ ਸਮਾਜ ਇਲਾਕੇ ਵਿੱਚ ਸਥਿਤ ਇੱਕ ਪਾਰਕ ਵਿੱਚ ਪੱਤਰਕਾਰ ਅਵਿਨਾਸ਼ ਕੰਬੋਜ ਉਤੇ ਉਸ ਵੇਲੇ ਬਿਜਲੀ ਦਾ ਇੱਕ ਵੱਡਾ ਖੰਭਾ ਡਿੱਗਿਆ ਜਦੋਂ ਉਹ ਮੀਡੀਆ ਕਵਰ ਕਰ ਰਹੇ ਸਨ। ਬਿਜਲੀ ਦਾ ਖੰਭਾ ਇੰਨਾ ਭਾਰੀ ਸੀ ਕਿ ਅਵਿਨਾਸ਼ ਕੰਬੋਜ ਨੂੰ ਉਸਦੇ ਹੇਠਾਂ ਤੋਂ ਕੱਢਣ ਲਈ ਲੋਕਾਂ ਦੀ ਭਾਰੀ ਕੋਸ਼ਿਸ਼ ਕਰਨੀ ਪਈ। ਉਥੇ ਮੌਜੂਦ ਲੋਕਾਂ ਨੇ ਪੱਤਰਕਾਰ ਅਵਿਨਾਸ਼ ਕੰਬੋਜ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ।
ਹੈਰਾਨੀ ਦੀ ਗੱਲ ਹੈ ਕਿ ਭਾਂਵੇ ਇਹ ਖਬਰ ਸ਼ਹਿਰ ਵਿਚ ਹਨ੍ਹੇਰੀ ਵਾਂਗ ਫੈਲ ਗਈ ਪ੍ਰੰਤੂ ਬਿਜਲੀ ਵਿਭਾਗ ਨੇ ਡੇਢ ਘੰਟੇ ਤੱਕ ਵੀ ਬਿਜਲੀ ਦਾ ਕੁਨੈਕਸ਼ਨ ਨਹੀਂ ਕੱਟਿਆ।
ਸੂਚਨਾ ਮਿਲਦੇ ਹੀ ਭਾਰੀ ਗਿਣਤੀ ਵਿੱਚ ਪੱਤਰਕਾਰ ਇਕੱਠੇ ਹੋਏ ਅਤੇ ਕਿਸੇ ਵੀ ਸਿਆਸੀ ਤੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕਾਫੀ ਦੇਰ ਤੱਕ ਨਾ ਪਹੁੰਚਣ ਕਾਰਨ ਭੜਕੇ ਪੱਤਰਕਾਰਾਂ ਨੇ ਜਬਰਦਸਤ ਰੋਸ ਦਾ ਪ੍ਰਗਟਾਵਾ ਕੀਤਾ। ਉਸਤੋਂ ਬਾਅਦ ਲੋਕ ਸਭਾ ਹਲਕਾ ਪਟਿਆਲਾ ਤੋਂ ਜਿੱਤੇ ਡਾਕਟਰ ਧਰਮਵੀਰ ਗਾਂਧੀ, ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਅਤੇ ਪੁਲਿਸ ਕਪਤਾਨ ਮੁਹੰਮਦ ਸਰਫਰਾਜ ਆਲਮ ਮੌਕੇ ‘ਤੇ ਪਹੁੰਚੇ ਅਤੇ ਸਾਰੀ ਘਟਨਾ ਦੀ ਜਾਣਕਾਰੀ ਲਈ।
ਇਸ ਮੌਕੇ ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ ਦੇ ਪ੍ਰਧਾਨ ਅਨੁਰਾਗ ਸ਼ਰਮਾ ਦੀ ਅਗਵਾਈ ਵਿੱਚ ਸਮੂਹ ਪੱਤਰਕਾਰਾਂ ਨੇ ਸਰਕਾਰ ਕੋਲੋਂ ਮ੍ਰਿਤਕ ਅਵਿਨਾਸ਼ ਕੰਬੋਜ ਦੇ ਪਰਿਵਾਰ ਦੀ ਮਦਦ ਅਤੇ ਸਹਿਯੋਗ ਲਈ ਅਪੀਲ ਕੀਤੀ ਅਤੇ ਇਸ ਘਟਨਾ ਦੀ ਅਣਗਹਿਲੀ ਲਈ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਤਾਂ ਮੈਂਬਰ ਲੋਕ ਸਭਾ ਅਤੇ ਡਿਪਟੀ ਕਮਿਸ਼ਨਰ ਨੇ ਪਰਿਵਾਰ ਨੂੰ ਇਨਸਾਫ਼ ਦੁਆਉਣ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
???? ਸਵੇਰੇ 9 ਵਜੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਇਕੱਠੇ ਹੋਣਗੇ ਪੱਤਰਕਾਰ ਅਤੇ ਹੋਰ ਲੋਕ
ਪਟਿਆਲਾ – ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ ਪਟਿਆਲਾ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਸਵੇਰੇ 9 ਵਜੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਦੇ ਬਾਹਰ ਪੱਤਰਕਾਰ ਭਾਈਚਾਰਾ ਤੇ ਹੋਰ ਜਥੇਬੰਦੀਆਂ ਦੇ ਲੋਕ ਇਕੱਠੇ ਹੋਣਗੇ, ਉਸ ਤੋਂ ਬਾਅਦ ਸਰਕਾਰ ਕੋਲੋਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦੁਆਉਣ ਅਤੇ ਮਦਦ ਲਈ ਰੱਖੀਆਂ ਗਈਆਂ ਮੰਗਾਂ ਜੇਕਰ ਸਰਕਾਰ ਮੰਨੇਗੀ ਤਾਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਹੋਵੇਗਾ ਤੇ ਉਸ ਤੋਂ ਬਾਅਦ ਹੀ ਸੰਸਕਾਰ ਦਾ ਸਮਾਂ ਤੈਅ ਕੀਤਾ ਜਾਵੇਗਾ। ਪਰਿਵਾਰ ਵਿੱਚ ਪਿੱਛੇ ਅਵਿਨਾਸ਼ ਦੇ ਪਤਨੀ ਅਤੇ ਤਿੰਨ ਬੱਚੇ ਹਨ, ਉਹਨਾਂ ਦੇ ਪਾਲਣ ਪੋਸ਼ਣ ਲਈ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ, ਇੱਕ ਕਰੋੜ ਰੁਪਏ ਮੁਆਵਜ਼ਾ ਅਤੇ ਅਵਿਨਾਸ਼ ਕੰਬੋਜ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਦੀਆਂ ਮੰਗਾਂ ਰੱਖੀਆਂ ਹਨ। ਹੁਣ ਦੇਖਦੇ ਹਾਂ ਕਿ ਸਰਕਾਰ ਇਸ ਪਰਿਵਾਰ ਦੀ ਸਾਰ ਕਿਵੇਂ ਲੈਂਦੀ ਹੈ।
Newsline Express
