???? ਦੇਸ਼ ਭਰ ‘ਚ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ
???? ਵੀਰ ਹਕੀਕਤ ਰਾਏ ਸਕੂਲ ਵਿਖੇ ਮਨਮੋਹਕ ਝਾਂਕੀਆਂ ਅਤੇ ਬੱਚਿਆਂ ਦੇ ਖੂਬਸੂਰਤ ਨ੍ਰਿਤ ਬਣੇ ਖਿੱਚ ਦਾ ਕੇਂਦਰ
ਪਟਿਆਲਾ, 27 ਅਗਸਤ – ਸੁਨੀਤਾ ਵਰਮਾ, ਰਵਿੰਦਰ ਕੁਮਾਰ ਬਾਲੀ /ਨਿਊਜ਼ਲਾਈਨ ਐਕਸਪ੍ਰੈਸ – ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਦੁਨੀਆ ਵਿੱਚ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਦੇਸ਼ ਭਰ ਦੇ ਸਾਰੇ ਮੰਦਰਾਂ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ।

ਬੜੀ ਸ਼ਰਧਾ ਦੇ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਪੂਜਾ ਕੀਤੀ ਗਈ। ਕਈ ਥਾਂਵਾਂ ‘ਤੇ ਧਾਰਮਿਕ ਭਜਨ – ਕੀਰਤਨ ਦਾ ਆਯੋਜਨ ਕੀਤਾ ਗਿਆ ਤੇ ਸ਼ਰਧਾਲੂ ਪ੍ਰਭੂ ਭਗਤੀ ਵਿੱਚ ਮਸਤ ਹੋ ਕੇ ਖੂਬ ਨੱਚਦੇ ਦੇਖੇ ਗਏ। ਕਈ ਸ਼੍ਰੀ ਕ੍ਰਿਸ਼ਨ ਭਗਤਾਂ ਨੇ ਆਪਣੇ ਘਰਾਂ ਵਿੱਚ ਵੀ ਹਿੰਡੋਲੇ ਸਜਾ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਭਗਤੀ ਕੀਤੀ।

ਇਸੇ ਤਰ੍ਹਾਂ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਮੰਦਰਾਂ ਸਮੇਤ ਕਈ ਸਕੂਲਾਂ ਵਿੱਚ ਵੀ ਇਹ ਤਿਉਹਾਰ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ।
ਪਟਿਆਲਾ ਦੇ ਪ੍ਰਸਿੱਧ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਸਕੂਲ ਨੂੰ ਰੰਗ-ਬਿਰੰਗੀਆਂ ਜਗਮਗਾਉਂਦੀਆਂ ਲੜੀਆਂ ਨਾਲ ਸਜਾਇਆ ਗਿਆ।

ਇਸ ਮੌਕੇ ਬਿਹਾਰ ਪ੍ਰਦੇਸ਼ ਭਾਜਪਾ ਦੇ ਪ੍ਰਵਕਤਾ ਸ੍ਰੀਮਤੀ ਪੂਨਮ, ਮੁੱਖ ਮਹਿਮਾਨ ਦੇ ਤੌਰ ‘ਤੇ ਸ੍ਰੀ ਕ੍ਰਿਸ਼ਨ ਜਨਮ ਉਤਸਵ ਵਿੱਚ ਮੌਜੂਦ ਰਹੇ। ਸਕੂਲ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਵੱਲੋਂ ਮਹਿਮਾਨਾਂ ਨੂੰ ਬੁੱਕੇ ਭੇਂਟ ਕਰਕੇ ਸਵਾਗਤ ਕੀਤਾ ਗਿਆ। ਐਨ.ਸੀ.ਸੀ ਵਿਦਿਆਰਥੀਆਂ ਨੇ ਵੀ ਉਹਨਾਂ ਨੂੰ ਤਿਲਕ ਲਗਾ ਕੇ ਸਵਾਗਤ ਕੀਤਾ।

ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਨਾਲ ਸੰਬੰਧਤ ਝਾਕੀਆਂ ਤਿਆਰ ਕੀਤੀਆਂ। ਸਕੂਲ ਵਿਦਿਆਰਥਣਾਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਸੁੰਦਰ ਭਜਨਾਂ ‘ਤੇ ਬਹੁਤ ਮਨਮੋਹਕ ਨ੍ਰਿਤ ਪੇਸ਼ ਕੀਤੇ ਜਿਨ੍ਹਾਂ ਨੇ ਸਮੂਹ ਸ਼ਰਧਾਲੂਆਂ ਦਾ ਮਨ ਮੋਹ ਲਿਆ। ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਪੱਤਰਕਾਰ ਅਸ਼ੋਕ ਵਰਮਾ ਅਤੇ ਹੋਰ ਸ਼ਰਧਾਲੂਆਂ ਨੇ ਇਸ ਰੰਗਾਰੰਗ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ।

ਵੀਰ ਹਕੀਕਤ ਰਾਏ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਪਨ ਸ਼ਰਮਾ, ਉਪ ਪ੍ਰਧਾਨ ਗਿਆਨ ਚੰਦ ਰਤਨ, ਸਕੱਤਰ ਅਮਿਤ ਜਿੰਦਲ, ਵਿੱਤ ਸਕੱਤਰ ਹਰਿੰਦਰ ਗੁਪਤਾ, ਸਟੋਰ ਇੰਚਾਰਜ ਦੀਪਕ ਸੇਠੀ, ਆਸ਼ੂਤੋਸ਼ ਗੌਤਮ, ਮਿੱਠੂ ਰਾਮ ਤੇ ਹੋਰ ਮੈਂਬਰ ਸਾਹਿਬਾਨ ਵੀ ਇਸ ਪ੍ਰੋਗਰਾਮ ਵਿਚ ਮੌਜੂਦ ਰਹੇ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਸਕੂਲ ਦੇ ਮੈਂਬਰ ਸਾਹਿਬਾਨਾਂ ਤੇ ਸ਼ਰਧਾਲੂਆਂ ਦਾ ਤਹਿ ਦਿਲੋਂ ਸਵਾਗਤ ਕੀਤਾ।
