ਹੈਦਰਾਬਾਦ, 20 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਤਿਲੰਗਾਨਾ ਦੇ ਕਾਂਗਰਸੀ ਵਿਧਾਇਕ ਵੇਦਮਾ ਬੋਜੂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ‘ਸਿਰ ਵੱਢ ਕੇ ਲਿਆਉਣ’ ਵਾਲੇ ਨੂੰ ਇਨਾਮ ਵਿਚ ਆਪਣੀ ਪੁਸ਼ਤੈਨੀ ਸੰਪਤੀ (ਜ਼ਮੀਨ) ਦੇਣ ਦਾ ਐਲਾਨ ਕੀਤਾ ਹੈ। ਬਿੱਟੂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਭਾਰਤ ਵਿਚ ਸਿੱਖਾਂ ਦੀ ਹਾਲਤ ਬਾਰੇ ਅਮਰੀਕਾ ’ਚ ਦਿੱਤੇ ਬਿਆਨ ਦੇ ਹਵਾਲੇ ਨਾਲ ਗਾਂਧੀ ਨੂੰ ‘ਦੇਸ਼ ਦਾ ਨੰਬਰ ਇਕ ਅਤਿਵਾਦੀ’ ਦੱਸਿਆ ਸੀ। ਖਾਨਾਪੁਰ (ਰਾਖਵਾਂ) ਤੋਂ ਵਿਧਾਇਕ ਬੋਜੂ ਨੇ ਰਾਹੁਲ ਗਾਂਧੀ ਬਾਰੇ ਬਿੱਟੂ ਦੀ ਇਸ ਟਿੱਪਣੀ ਖਿਲਾਫ਼ ਕੀਤੇ ਰੋਸ ਮੁਜ਼ਾਹਰੇ ਦੌਰਾਨ ਕਿਹਾ ਕਿ ਜੋ ਕੋਈ ਬਿੱਟੂ ਦਾ ਸਿਰ ਵੱਢ ਕੇ ਲਿਆਏਗਾ ਉਹ ਉਸ ਨੂੰ ਆਪਣੀ ਜ਼ਮੀਨ ਦੇਣ ਲਈ ਤਿਆਰ ਹੈ। ਕਾਂਗਰਸੀ ਵਿਧਾਇਕ ਨੇ ਟੀਵੀ ਚੈਨਲਾਂ ਨੂੰ ਕਿਹਾ, ‘ਰਵਨੀਤ ਸਿੰਘ ਬਿੱਟੂ ਨੂੰ ਆਪਣੀਆਂ ਟਿੱਪਣੀਆਂ ਵਾਪਸ ਲੈਣੀਆਂ ਚਾਹੀਦੀਆਂ ਹਨ, ਜੇ ਉਸ ਨੇ ਅਜਿਹਾ ਨਾ ਕੀਤਾ ਤੇ ਮੈਂ ਉਸ ਦਾ ਸਿਰ ਵੱਢ ਦੇ ਲਿਆਉਣ ਵਾਲੇ ਨੂੰ ਆਪਣੀ ਪੁਸ਼ਤੈਨੀ 1.38 ਏਕੜ ਜ਼ਮੀਨ ਇਨਾਮ ਵਿਚ ਦੇਵਾਂਗਾ।’ ਰਵਨੀਤ ਬਿੱਟੂ ਦੀਆਂ ਉਪਰੋਕਤ ਟਿੱਪਣੀਆਂ ਖਿਲਾਫ਼ ਕਾਂਗਰਸ ਨੇ ਕਰਨਾਟਕ ਵਿਚ ਬਿੱਟੂ ਤੇ ਤਿੰਨ ਹੋਰ ਐੱਨਡੀਏ ਆਗੂਆਂ ਖਿਲਾਫ਼ ਕੇਸ ਦਰਜ ਕਰਵਾਇਆ ਸੀ।
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬਿਆਨ ਦਿੱਤਾ ਸੀ ਕਿ ਕਾਂਗਰਸ ’84 ਵਿਚ ਵੀ ਸਿੱਖਾਂ ਦਾ ਖ਼ੂਨ ਮੰਗਦੀ ਸੀ ਤੇ ਅੱਜ ਵੀ ਮੰਗ ਰਹੀ ਹੈ। ਬਿੱਟੂ ਨੇ ਤਿਲੰਗਾਨਾ ਦੇ ਕਾਂਗਰਸੀ ਵਿਧਾਇਕ ਵੱਲੋਂ ਰੱਖੇ ਇਨਾਮ ਦੇ ਹਵਾਲੇ ਨਾਲ ਐਕਸ ’ਤੇ ਕਿਹਾ, ‘1984 ਤੋਂ 2024, ਕਾਂਗਰਸ ਨਹੀਂ ਬਦਲੀ। ਉਹ ਉਦੋਂ ਵੀ ਸਿੱਖਾਂ ਦਾ ਖ਼ੂਨ ਮੰਗਦੇ ਸਨ ਤੇ ਅੱਜ ਵੀ ਮੰਗ ਰਹੇ ਹਨ। ਖੜਗੇ ਜੀ ਮੁਹੱਬਤ ਕੀ ਦੁਕਾਨ?’’