newslineexpres

Home ਪੰਜਾਬ ਪਿੰਡ ਖੁੱਡਾ ‘ਚ ਦੂਜੇ ਦਿਨ ਵੀ ਵਿਵਾਦ, ਲੋਕਾਂ ਨੇ ਮੁੜ ਪੋਲਿੰਗ ਰੋਕਣ ਲਈ ਬੂਥ ਨੂੰ ਲਾਇਆ ਤਾਲਾ

ਪਿੰਡ ਖੁੱਡਾ ‘ਚ ਦੂਜੇ ਦਿਨ ਵੀ ਵਿਵਾਦ, ਲੋਕਾਂ ਨੇ ਮੁੜ ਪੋਲਿੰਗ ਰੋਕਣ ਲਈ ਬੂਥ ਨੂੰ ਲਾਇਆ ਤਾਲਾ

by Newslineexpres@1

ਪਟਿਆਲਾ, 16 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਵਿਚ ਹੋਈਆਂ ਪੰਚਾਇਤ ਚੋਣਾਂ ਦੌਰਾਨ ਮੰਗਲਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਸਨੌਰ ਨੇੜਲੇ ਪਿੰਡ ਖੁੱਡਾ ਵਿਖੇ ਪੋਲਿੰਗ ਬੂਥ ‘ਤੇ ਕਬਜ਼ੇ ਨੂੰ ਲੈ ਕੇ ਹੋਏ ਝਗੜੇ ਦਾ ਮਾਮਲਾ ਬੁੱਧਵਾਰ ਨੂੰ ਵੀ ਨਿੱਬੜਦਾ ਨਜ਼ਰ ਨਹੀਂ ਆ ਰਿਹਾ ਅਤੇ ਆਖ਼ਰੀ ਖ਼ਬਰਾਂ ਮਿਲਣ ਤੱਕ ਪਿੰਡ ਵਿਚ ਤਣਾਅ ਤੇ ਵਿਵਾਦ ਜਾਰੀ ਸੀ ਅਤੇ ਪਿੰਡ ਵਾਸੀ ਬੀਤੇ ਦਿਨ ਵਾਪਰੀ ਗੋਲੀ ਚੱਲਣ ਦੀ ਘਟਨਾ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਤੋਂ ਬਿਨਾਂ ਅੱਜ ਦੁਬਾਰਾ ਪੋਲਿੰਗ ਦੀ ਇਜਾਜ਼ਤ ਦੇਣ ਲਈ ਤਿਆਰ ਨਹੀਂ ਹਨ। ਦੱਸਿਆ ਜਾਂਦਾ ਹੈ ਕਿ ਪਿੰਡ ਵਾਸੀਆਂ ਨੇ ਪੋਲਿੰਗ ਬੂਥ ਨੂੰ ਜਿੰਦਰਾ ਮਾਰ ਦਿੱਤਾ ਹੈ। ਦੱਸਣਯੋਗ ਹੈ ਕਿ ਰਾਜ ਚੋਣ ਕਮਿਸ਼ਨ ਨੇ ਬੀਤੇ ਦਿਨ ਦੀ ਹਿੰਸਾ ਤੇ ਝਗੜਿਆਂ ਕਾਰਨ ਪਿੰਡ ਖੁੱਡਾ ਦੀ ਪੰਚਾਇਤ ਚੋਣ ਰੱਦ ਕਰ ਦਿੱਤੀ ਸੀ ਅਤੇ ਬੁੱਧਵਾਰ ਨੂੰ ਦੁਬਾਰਾ ਪੋਲਿੰਗ ਕਰਾਉਣ ਦਾ ਪ੍ਰੋਗਰਾਮ ਮਿਥਿਆ ਗਿਆ ਸੀ। ਇਸ ਤਹਿਤ ਚੋਣ ਅਮਲਾ ਵੀ ਸਵੇਰੇ ਪਿੰਡ ਵਿਚ ਪੁੱਜ ਗਿਆ, ਦੁਪਹਿਰ 12 ਵਜੇ ਤੱਕ ਵੋਟਾਂ ਪੈਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ ਸੀ।
ਹਾਕਮ ਧਿਰ ਆਮ ਆਦਮੀ ਪਾਰਟੀ (ਆਪ) ਦੀ ਵਿਰੋਧੀ ਧਿਰ ਨਾਲ ਸਬੰਧਤ ਸਰਪੰਚੀ ਦੇ ਉਮੀਦਵਾਰ ਜੋਗਿੰਦਰ ਸਿੰਘ ਅਤੇ ਉਨ੍ਹਾਂ ਦੇ ਹਮਾਇਤੀ ਮੰਗ ਕਰ ਰਹੇ ਹਨ ਕਿ ਮੰਗਲਵਾਰ ਨੂੰ ਜਿਹੜੇ ਬੰਦਿਆਂ ਨੇ ਬੂਥ ‘ਤੇ ਕਬਜ਼ਾ ਕਰਨ ਮੌਕੇ ਗੋਲੀ ਮਾਰ ਕੇ ਸਰਬਜੀਤ ਸੋਨੀ ਨੂੰ ਜ਼ਖ਼ਮੀ ਕੀਤਾ, ਪਹਿਲਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸੇ ਦੌਰਾਨ ਖੁੱਡਾ ਵਿਖੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਪੁੱਜੇ ਹੋਏ ਹਨ, ਜੋ ਲੋਕਾਂ ਨੂੰ ਵੋਟਿੰਗ ਸ਼ੁਰੂ ਕਰਵਾਉਣ ਲਈ ਮਨਾ ਰਹੇ ਹਨ, ਪਰ ਰਿਪੋਰਟ ਲਿਖੇ ਜਾਣ ਤੱਕ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ ਸੀ।

Related Articles

Leave a Comment