???? ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਵੰਦੇ ਮਾਤਰਮ ਦਲ ਵੱਲੋਂ ਕਰਵਾਇਆ ਗਿਆ ਗਰੀਬ ਬੱਚੀ ਦਾ ਆਪਰੇਸ਼ਨ
???? ਗੁਰੂ ਨਾਨਕ ਦੇਵ ਜੀ ਦੇ ਫਲਸਫੇ ‘ਤੇ ਚੱਲਣ ਦੀ ਅੱਜ ਸਮਾਜ ਨੂੰ ਜ਼ਰੂਰਤ : ਵੰਦੇ ਮਾਤਰਮ ਦਲ
ਪਟਿਆਲਾ, 15 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਸ਼ਹਿਰ ਦੀ ਸਿਰਮੋਰ ਸਮਾਜ ਸੇਵੀ ਸੰਸਥਾ ਵੰਦੇ ਮਾਤਰਮ ਦਲ ਵੱਲੋਂ ਹਮੇਸ਼ਾ ਹੀ ਚੰਗੇ ਕੰਮ ਕੀਤੇ ਜਾਂਦੇ ਹਨ, ਫੇਰ ਮਾਮਲਾ ਚਾਵੇ ਭਾਵੇਂ ਬੇਜ਼ੁਬਾਨ ਪਸ਼ੂ ਪੰਛੀਆਂ ਦੀ ਸੇਵਾ ਸੰਭਾਲ ਦਾ ਹੋਵੇ ਅਤੇ ਭਾਵੇਂ ਖੂਨ ਦਾਨ ਵਰਗਾ ਮਹਾਨ ਦਾਨ ਦਾ ਹੋਵੇ। ਇਸਦੇ ਨਾਲ ਨਾਲ ਹੀ ਵੰਦੇ ਮਾਤਰਮ ਦਲ ਦੇ ਮੈਂਬਰਾਂ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਸਿਹਤ ਸੰਬੰਧੀ ਆ ਰਹੀਆਂ ਪਰੇਸ਼ਾਨੀਆਂ ਨੂੰ ਮੁੱਖ ਰੱਖਦੇ ਹੋਏ ਮੈਡੀਕਲ ਸੇਵਾ ਸ਼ੁਰੂ ਕੀਤੀ ਗਈ ਸੀ।

ਇਸ ਸੇਵਾ ਦੇ ਤਹਿਤ ਅੱਜ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਗਰੀਬ ਪਰਿਵਾਰ, ਜਿਸ ਵਿੱਚ ਪੰਜ ਧੀਆਂ ਹਨ, ਦੀ ਇੱਕ ਬੱਚੀ ਦੀ ਅੱਖ ਵਿੱਚ ਵੱਡੀ ਦਿੱਕਤ ਹੋਣ ਕਰਕੇ ਉਸ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਵੰਦੇ ਮਾਤਰਮ ਦਲ ਦੇ ਮੈਂਬਰਾਂ ਦੀ ਮਦਦ ਨਾਲ ਉਸ ਬੱਚੀ ਦਾ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਆਪਰੇਸ਼ਨ ਕਰਵਾ ਕੇ ਲੈਂਜ ਪਵਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵੰਦੇ ਮਾਤਰਮ ਦਲ ਦੇ ਸਪੀਚ ਸੈਕਟਰੀ ਸੁਸ਼ੀਲ ਨਈਅਰ ਨੇ ਦੱਸਿਆ ਕਿ ਅੱਜ ਸਮੂਹ ਸਮਾਜ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ‘ਤੇ ਚੱਲਣ ਦੀ ਬਹੁਤ ਜ਼ਰੂਰਤ ਹੈ। ਇਨਸਾਨ ਹੀ ਇਨਸਾਨ ਦੀ ਮਦਦ ਕਰਨ ਲਈ ਅੱਗੇ ਵਧੇ ਤਾਂ ਫਿਰ ਉਹ ਸਮਾਂ ਦੂਰ ਨਹੀਂ ਜਦੋਂ ਕਿਸੇ ਨੂੰ ਵੀ ਕਿਸੇ ਦੀ ਮਦਦ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਨੇ ਕਿਹਾ ਕਿ ਇਸੇ ਸੋਚ ਨੂੰ ਮੁੱਖ ਰੱਖਦੇ ਹੋਏ ਜਦੋਂ ਇੱਕ ਵਿਅਕਤੀ ਨੇ ਸਾਡੇ ਕੋਲ ਪਹੁੰਚ ਕੀਤੀ ਅਤੇ ਦੱਸਿਆ ਕਿ ਉਹ ਛੋਟੇ ਮੋਟੇ ਕੰਮਕਾਰ ਕਰਕੇ ਆਪਣਾ ਪਰਿਵਾਰ ਪਾਲਣ ਦੇ ਸੰਘਰਸ਼ ਵਿੱਚ ਲੱਗਿਆ ਹੋਇਆ ਹੈ ਅਤੇ ਉਸ ਪਰਿਵਾਰ ਵਿੱਚ ਪੰਜ ਧੀਆਂ ਹਨ ਜੋ ਕਿ ਬਹੁਤ ਹੀ ਹੋਣਹਾਰ ਹਨ, ਪੜ੍ਹਾਈ ਵਿੱਚ ਹੁਸ਼ਿਆਰ ਹਨ ਅਤੇ ਉਨ੍ਹਾਂ ਨੇ ਖੇਡਾਂ ਵਿੱਚ ਵੀ ਮੈਡਲ ਹਾਸਿਲ ਕੀਤੇ ਹਨ। ਉਹਨਾਂ ਦੀ ਇੱਕ ਧੀ ਜੋ ਕਿ ਗਿਆਰਵੀਂ ਜਮਾਤ ਵਿੱਚ ਪੜ੍ਹਦੀ ਹੈ, ਉਸਦੀ ਅੱਖ ਵਿੱਚ ਲੰਬੇ ਸਮੇਂ ਤੋਂ ਮੋਤੀਏ ਦੀ ਦਿਕੱਤ ਸੀ ਜੋਕਿ ਵੱਧਦੇ ਵੱਧਦੇ ਕਾਫੀ ਜ਼ਿਆਦਾ ਵੱਧ ਚੁੱਕੀ ਸੀ ਅਤੇ ਜਿਸ ਕਾਰਨ ਉਸਦੀ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਸੀ।
ਉਕਤ ਵਿਅਕਤੀ ਦੀ ਗੱਲ ਸੁਣ ਕੇ ਵੰਦੇ ਮਾਤਰਮ ਦਲ ਵੱਲੋਂ ਸਮਾਜ ਵਿੱਚ ਅਪੀਲ ਕੀਤੀ ਗਈ ਅਤੇ ਕਈ ਦਾਨੀ ਸੱਜਣਾਂ ਨੇ ਉਹਨਾਂ ਦਾ ਸਹਿਯੋਗ ਕੀਤਾ ਜਿਸਦੇ ਸਦਕਾ ਅੱਜ ਇਸ ਬੱਚੀ ਦਾ ਆਪਰੇਸ਼ਨ ਪਟਿਆਲਾ ਸ਼ਹਿਰ ਦੇ ਨਾਮੀ ਅੱਖਾਂ ਦੇ ਹਸਪਤਾਲ ਵਿੱਚ ਸਫਲਤਾ ਨਾਲ ਕਰਵਾਇਆ ਗਿਆ।
ਦੱਸ ਦਈਏ ਜਿੱਥੇ ਸਮਾਜ ਦੇ ਵੱਖ-ਵੱਖ ਦਾਨੀ ਸੱਜਣਾਂ ਨੇ ਮਦਦ ਕੀਤੀ ਹੈ ਉੱਥੇ ਹੀ ਅਭਿਸ਼ੇਕ ਹਾਂਡਾ ਅੱਖਾਂ ਦੇ ਸਪੈਸ਼ਲ ਡਾਕਟਰ ਵੱਲੋਂ ਵੀ ਇਸ ਇਲਾਜ ਵਿੱਚ ਵੀ ਬਹੁਤ ਸਹਾਇਤਾ ਕੀਤੀ ਗਈ ਹੈ। ਇੱਥੇ ਹੀ ਸਮਾਜ ਸੇਵਕ ਤੇ ਸਨਾਤਨੀ ਯੋਧਾ ਸੁਸ਼ੀਲ ਨਈਅਰ ਨੇ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 13-13 ਵਾਲੇ ਫਲਸਫੇ ਨੂੰ ਮੁੱਖ ਰੱਖਦੇ ਹੋਏ ਇਸ ਸਾਲ ਦੇ ਵਿੱਚ ਅਗਲੇ ਗੁਰੂ ਪੂਰਬ ਤੱਕ 13 ਲੋਕਾਂ ਦਾ ਆਪਰੇਸ਼ਨ ਕਰਾਉਣ ਦਾ ਟੀਚਾ ਵੀ ਵੰਦੇ ਮਾਤਰਮ ਦਲ ਨੇ ਲਿਆ ਹੈ। ਇਸ ਵਿੱਚ ਸਮਾਜ ਦੇ ਦਾਨੀ ਸੱਜਣਾਂ ਅਤੇ ਵੰਦੇ ਮਾਤਰਮ ਦਲ ਦੀ ਟੀਮ ਦੇ ਸਹਿਯੋਗ ਦੀ ਉਹ ਹਮੇਸ਼ਾ ਉਮੀਦ ਰੱਖਦੇ ਹਨ।
ਇਸ ਸੇਵਾ ਵੇਲੇ ਵੰਦੇ ਮਾਤਰਮ ਦਲ ਦੇ ਪ੍ਰਧਾਨ ਅਨੁਰਾਗ ਸ਼ਰਮਾ, ਸਪੀਚ ਸੈਕਟਰੀ ਸੁਸ਼ੀਲ ਨਈਅਰ, ਫਾਉਂਡਰ ਮੈਂਬਰ ਗੁਰਪ੍ਰੀਤ ਸਿੰਘ ਗੁਰੀ, ਵਰੁਣ ਕੌਸ਼ਲ, ਅਸ਼ਵਨੀ ਸ਼ਰਮਾ, ਰਿਦਾਨਸ਼ ਗੋਇਲ, ਦੀਪਕ ਸਿੰਘ, ਧਨਵੀਰ ਧੀਮਾਨ ਅਤੇ ਹੋਰ ਵੀ ਮੈਂਬਰ ਸਹਿਯੋਗ ਵਿੱਚ ਮੌਜੂਦ ਰਹੇ।
Newsline Express
