ਅੰਬਾਲਾ, 16 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਅੱਜ ਯਾਨੀ 16 ਦਸੰਬਰ ਨੂੰ ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਣੇ ਹੋਰ 13 ਮੰਗਾਂ ਨੂੰ ਲੈ ਕੇ ਪੰਜਾਬ ਨੂੰ ਛੱਡ ਕੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਨਗੇ। ਟਰੈਕਟਰ ਮਾਰਚ ਸਵੇਰੇ 10:30 ਵਜੇ ਤੋਂ ਦੁਪਹਿਰ 2 ਵਜੇ ਤੱਕ ਕੱਢਿਆ ਜਾਵੇਗਾ। ਦੂਜੇ ਪਾਸੇ, ਮਰਨ ਵਰਤ ਉੱਤੇ ਚੱਲ ਰਹੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਹੋਰ ਚਿੰਤਾਜਨਕ ਹੋ ਰਹੀ ਹੈ। ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕਰਦਿਆ ਦੱਸਿਆ ਕਿ ਪੰਜਾਬ ਦਾ ਵੱਡੇ ਪੱਧਰ ਉੱਤੇ ਪਹਿਲਾਂ ਹੀ ਇੱਥੇ ਖਨੌਰੀ-ਸ਼ੰਭੂ ਸਰਹੱਦਾਂ ਉੱਤੇ ਜ਼ੋਰ ਲੱਗਿਆ ਹੋਇਆ ਹੈ ਜਿਸ ਵਿੱਚ ਲੰਗਰ-ਪਾਣੀ ਸਣੇ ਹੋਰ ਕਈ ਸੇਵਾਵਾਂ ਪੰਜਾਬ ਦੇ ਲੋਕ ਸਮੇਂ-ਸਮੇਂ ਉੱਤੇ ਇੱਥੇ (ਖਨੌਰੀ-ਸ਼ੰਭੂ ਸਰੱਹਦ) ਉੱਤੇ ਪਹੁੰਚ ਕੇ ਨਿਭਾਅ ਰਹੇ ਹਨ। ਇਸ ਲਈ ਪੰਜਾਬ ਨੂੰ ਛੱਡ ਕੇ ਬਾਕੀ ਥਾਵਾਂ ਉੱਤੇ ਟਰੈਕਟਰ ਮਾਰਚ ਹੋਵੇਗਾ। ਖਨੌਰੀ ਸਰਹੱਦ ’ਤੇ 20 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਹੈ। ਕਿਸਾਨ ਡੱਲੇਵਾਲ ਵੱਲੋਂ ਲਿਖੇ ਪੱਤਰ ਦੀ ਕਾਪੀ ਡੀਸੀ ਅਤੇ ਐਸਡੀਐਮ ਨੂੰ ਸੌਂਪਣਗੇ।