ਹੈਦਰਾਬਾਦ, 16 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ ਹੈ। 73 ਸਾਲਾ ਹੁਸੈਨ ਨੂੰ ਦਿਲ ਸਬੰਧੀ ਸਮੱਸਿਆਵਾਂ ਕਰਕੇ ਸੈਨ ਫਰਾਂਸਿਸਕੋ ਦੇ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਦੱਸ ਦੇਈਏ ਕਿ ਉਸਤਾਦ ਜ਼ਾਕਿਰ ਹੁਸੈਨ ਦੇ ਪਿਤਾ ਅੱਲ੍ਹਾ ਰਾਖਾ ਵੀ ਮਸ਼ਹੂਰ ਤਬਲਾ ਵਾਦਕ ਰਹਿ ਚੁੱਕੇ ਹਨ।
ਉਨ੍ਹਾਂ ਦੇ ਦੇਹਾਂਤ ਬਾਰੇ ਜਾਣਕਾਰੀ ਦਿੰਦੇ ਹੋਏ ਹੁਸੈਨ ਦੀ ਪ੍ਰਬੰਧਕ ਨਿਰਮਲਾ ਬਚਾਨੀ ਨੇ ਇਕ ਬਿਆਨ ਵਿਚ ਦੱਸਿਆ ਕਿ 73 ਸਾਲਾ ਤਬਲਾ ਵਾਦਕ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪੀੜਤ ਸਨ। ਜ਼ਾਕਿਰ ਹੁਸੈਨ ਦੇ ਪਰਿਵਾਰਿਕ ਮੈਂਬਰਾਂ ਨੂੰ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ।
ਇਸ ਤੋਂ ਪਹਿਲਾਂ ਜ਼ਾਕਿਰ ਹੁਸੈਨ ਦੇ ਦੋਸਤ ਅਤੇ ਬੰਸਰੀ ਵਾਦਕ ਰਾਕੇਸ਼ ਚੌਰਸੀਆ ਨੇ ਐਤਵਾਰ ਨੂੰ ਉਨ੍ਹਾਂ ਦੀ ਖਰਾਬ ਸਿਹਤ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ, ‘ਦਿਲ ਨਾਲ ਜੁੜੀ ਸਮੱਸਿਆ ਕਾਰਨ ਉਹ ਪਿਛਲੇ ਇਕ ਹਫਤੇ ਤੋਂ ਸੈਨ ਫਰਾਂਸਿਸਕੋ ਦੇ ਇਕ ਹਸਪਤਾਲ ‘ਚ ਭਰਤੀ ਹਨ।’