ਜ਼ੀਰਕਪੁਰ, 3 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਜ਼ੀਰਕਪੁਰ-ਪਟਿਆਲਾ ਸੜਕ ‘ਤੇ ਸਥਿਤ ਛੱਤਬੀੜ ਚਿੜੀਆਘਰ ਵਿਖੇ ਅੱਜ ਬਾਅਦ ਦੁਪਹਿਰ ਸੈਲਾਨੀਆਂ ਨਾਲ ਭਰੀ ਫੈਰੀ (ਬੈਟਰੀ ਵਾਲੀ ਕਾਰ) ਪਲਟ ਗਈ। ਘਟਨਾ ਦੇ ਸਮੇਂ ਫੈਰੀ ਵਿਚ ਤਿੰਨ ਵੱਖ-ਵੱਖ ਪਰਿਵਾਰਾਂ ਦੇ 15 ਮੈਂਬਰ ਮੌਜੂਦ ਸਨ। ਘਟਨਾ ਤੋਂ ਬਾਅਦ ਛੱਤਬੀੜ ਚਿੜੀਆ ਘਰ ਦੀ ਮੈਨੇਜਮੈਂਟ ਵੱਲੋਂ ਘਟਨਾ ਵਿੱਚ ਮਾਮੂਲੀ ਜ਼ਖ਼ਮੀ ਹੋਏ ਲੋਕਾਂ ਨੂੰ ਸਥਾਨਕ ਕਰਤਾਰ ਹਸਪਤਾਲ ਵਿਖੇ ਇਲਾਜ਼ ਲਈ ਲਿਜਾਇਆ ਗਿਆ। ਇਸ ਦੌਰਾਨ ਇਸ ਫੈਰੀ ਵਿੱਚ ਸਵਾਰ ਸੈਲਾਨੀਆਂ ਵੱਲੋਂ ਛੱਤਬੀੜ ਚਿੜੀਆ ਘਰ ਦੇ ਫੀਲਡ ਡਾਇਰੈਕਟਰ ਨੀਰਜ ਗੁਪਤਾ ਨੂੰ ਮਿਲ ਕੇ ਆਪਣਾ ਫੀਡਬੈੱਕ ਦਿੱਤਾ ਗਿਆ। ਜਿਸ ਦੇ ਆਧਾਰ ‘ਤੇ ਚਿੜੀਆ ਘਰ ਮੈਨੇਜਮੈਂਟ ਵੱਲੋਂ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ। ਹਾਸਲ ਜਾਣਕਾਰੀ ਅਨੁਸਾਰ ਐਤਵਾਰ ਨੂੰ ਛੁੱਟੀ ਵਾਲੇ ਦਿਨ ਛੱਤਬੀੜ ਚਿੜੀਆ ਘਰ ਵਿਖੇ ਪੰਜ ਹਜ਼ਾਰ ਤੋਂ ਵੀ ਵੱਧ ਸੈਲਾਨੀ ਚਿੜੀਆਘਰ ਵੇਖਣ ਲਈ ਆਏ ਹੋਏ ਸਨ।
ਇਸ ਦੌਰਾਨ ਉੱਤਰਾਖੰਡ, ਯਮੁਨਾ ਨਗਰ ਅਤੇ ਜ਼ੀਰਕਪੁਰ ਦੇ ਤਿੰਨ ਪਰਿਵਾਰਾਂ ਵੱਲੋਂ ਛੱਤਬੀੜ ਚਿੜੀਆਘਰ ਵੇਖਣ ਲਈ ਫੈਰੀ ਕਿਰਾਏ ‘ਤੇ ਲਈ ਗਈ ਸੀ। ਪਤਾ ਲੱਗਾ ਹੈ ਕਿ ਕਰੀਬ 3:30 ਵਜੇ ਜਦੋਂ ਫੈਰੀ ਚਿੜੀਆਘਰ ਦੇ ਮੁੱਖ ਗੇਟ ਤੋਂ ਕੁੱਝ ਦੇਰੀ ‘ਤੇ ਹੀ ਗਈ ਸੀ ਤਾਂ ਅਚਾਨਕ ਫੈਰੀ ਸੜਕ ਕਿਨਾਰੇ ਪਲਟ ਗਈ। ਇਸ ਦੌਰਾਨ ਇੱਕ ਬਜ਼ੁਰਗ ਵਿਅਕਤੀ ਅਤੇ ਇੱਕ ਬਜ਼ੁਰਗ ਔਰਤ ਮਾਮੂਲੀ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ। ਘਟਨਾ ਦੇ ਸਮੇਂ ਸੜਕ ‘ਤੇ ਪੈਦਲ ਜਾ ਰਹੇ ਸੈਲਾਨੀਆਂ ਦੇ ਦੋ ਬੱਚੇ ਅਚਾਨਕ ਫੈਰੀ ਅੱਗੇ ਆ ਗਏ, ਜਿਨ੍ਹਾਂ ਨੂੰ ਬਚਾਉਣ ਦੇ ਚੱਕਰ ਵਿੱਚ ਇਹ ਹਾਦਸਾ ਵਾਪਰ ਗਿਆ।