newslineexpres

Home Article ਸਾਉਣ ਮਹੀਨਾ ਦਿਨ ਤੀਆਂ ਦੇ, ਪਿੱਪਲੀ ਪੀਘਾਂ ਪਾਈਆਂ…

ਸਾਉਣ ਮਹੀਨਾ ਦਿਨ ਤੀਆਂ ਦੇ, ਪਿੱਪਲੀ ਪੀਘਾਂ ਪਾਈਆਂ…

by Newslineexpres@1

ਪੰਜਾਬ ਦੀ ਧਰਤੀ ਮੇਲੇ ਅਤੇ ਤਿਉਹਾਰਾਂ ਦੀ ਧਰਤੀ ਹੈ। ਇੱਥੇ ਵੱਖ-ਵੱਖ ਰੁੱਤਾਂ ਦੇ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਪੰਜਾਬੀ ਸੱਭਿਆਚਾਰ ਵਿੱਚ ਹਰ ਤਿਉਹਾਰ ਦੀ ਆਪਣੀ ਖਾਸ ਮਹੱਤਤਾ ਹੁੰਦੀ ਹੈ। ਇਹ ਤਿਉਹਾਰ ਅਤੇ ਮੇਲੇ ਮਨੁੱਖ ਦੀਆਂ ਧਾਰਮਿਕ ਅਤੇ ਜਜ਼ਬਾਤੀ ਰਹੁ-ਰੀਤਾਂ ਨਾਲ ਜੁੜੇ ਹੁੰਦੇ ਹਨ। ਇਨ੍ਹਾਂ ‘ਚੋਂ ਕੁੱਝ ਤਿਉਹਾਰ ਕੁੜੀਆਂ, ਮੁਟਿਆਰਾ ਦੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਹੈ – ਸਾਉਣ ਮਹੀਨੇ ਵਿੱਚ ਆਉਣ ਵਾਲਾ ਤੀਆਂ ਦਾ ਤਿਉਹਾਰ। ਸਾਉਣ ਦਾ ਮਹੀਨਾ ਗਿੱਧਿਆਂ ਦੀ ਰੁੱਤ ਨਾਲ ਜਾਣਿਆ ਜਾਂਦਾ ਹੈ। ਸਾਉਣ ਮਹੀਨੇ ਦਾ ਮੀਂਹ ਪੈਣ ਨਾਲ ਗੂੜਾ ਸੰਬੰਧ ਹੈ। ਇਹ ਮਹੀਨਾ ਬੱਚਿਆ ਲਈ ਬਹੁਤ ਹੀ ਹਰਮਨ ਪਿਆਰਾ ਹੁੰਦਾ ਹੈ ਕਿਉਂਕਿ ਇਸ ਮਹੀਨੇ ਹਰ ਘਰ ਵਿੱਚ ਖੀਰ-ਪੂੜੇ, ਮੱਠੀਆਂ ਤੇ ਗੁਲਗੁਲੇ ਬਣਦੇ ਹਨ ਖਾਸ ਕਰਕੇ ਮੁਟਿਆਰਾਂ ਇਸ ਮਹੀਨੇ ਦੀ ਉਡੀਕ ਬਹੁਤ ਜ਼ਿਆਦਾ ਕਰਦੀਆਂ ਹਨ ਤੇ ਬੋਲੀਆਂ ਪਾਉੇਦੀਆਂ ਹਨ।

ਸਾਉਣ ਮਹੀਨਾ ਦਿਨ ਤੀਆਂ ਦੇ, ਪਿੱਪਲੀ ਪੀਘਾਂ ਪਾਈਆਂ…

ਗਿੱਧੇ ਵਿੱਚ ਨੱਚਦੀਆਂ ਨੇ ਨਨਦਾਂ ਤੇ ਭਰਜਾਈਆਂ।

ਤੀਆਂ ਦਾ ਨਾਂ ਲੈਂਦਿਆਂ ਹੀ ਮਨ ਵਿੱਚ ਸਰੂਰ ਜਿਹਾ ਭਰ ਜਾਂਦਾ ਹੈ, ਖ਼ਿਆਲਾਂ ਵਿੱਚ ਬਦਲਾਂ ਦੀ ਗੜਗੜਾਹਟ ਦੇ ਨਾਲ ਮੋਰਾਂ ਦੀ ਆਵਾਜ਼ ਗੂੰਜਦੀ ਪ੍ਰਤੀਤ ਹੁੰਦੀ ਹੈ। ਕੁੜੀਆਂ-ਚਿੜੀਆਂ, ਮੁਟਿਆਰਾਂ, ਵਿਆਂਹਦੜਾਂ ਤੇ ਹੋਰ ਸਭ ਔਰਤਾਂ ਖੁਸ਼ ਹੋ ਜਾਂਦੀਆਂ ਹਨ। ਪੰਜਾਬ ‘ਚ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾ ਚੱਲਣ ਵਾਲਾ ਪੰਜਾਬਣ ਮੁਟਿਆਰਾਂ ਦਾ ਮਨ-ਭਾਉਂਦਾ ਤਿਓਹਾਰ ਹੈ। ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਂਹਦੜ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਤੇ ਹੋਰ ਮਠਿਆਈਆਂ ਭੇਜਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੇ ਹਾਣ ਦੀਆਂ ਕੁੜੀਆਂ ਨੂੰ ਮਿਲਣ ਦੀ ਤਾਂਘ ਵੀ ਪ੍ਰਗਟ ਹੁੰਦੀ ਹੈ। ਇਨ੍ਹਾਂ ਦਿਨਾਂ ‘ਚ ਘਰ-ਘਰ ਮੱਠੀਆਂ, ਬਿਸਕੁੱਟ, ਗੁਲਗਲੇ, ਮਾਲ੍ਹਪੂੜੇ, ਖੀਰ ਆਦਿ ਬਣਾਏ ਜਾਂਦੇ ਹਨ। ਸ਼ਾਮ ਵੇਲੇ ਗਿੱਧਾ ਪਾਉਣਾ ਆਦਿ ਰਸਮਾਂ ਇਕੋ ਜਿਹੀਆਂ ਹੀ ਹੁੰਦੀਆਂ ਹਨ ।

ਪੰਜਾਬ ਦੇ ਕਈ ਇਲਾਕਿਆਂ ਵਿੱਚ ਤੀਆਂ ਦੇ ਤਿਉਹਾਰ ਨੂੰ ‘ਸਾਵੇਂ‘ ਵੀ ਕਿਹਾ ਜਾਂਦਾ ਹੈ। ਪੰਜਾਬ ਦੇ ਆਪਣੇ ਰੀਤਿ-ਰਿਵਾਜ਼ਾਂ ਅਨੁਸਾਰ ਮਾਪੇ ਆਪਣੀਆਂ ਵਿਆਂਹਦੜ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਂਦੇ ਹਨ। ਇਸ ਮਹੀਨੇ ਕੁੜੀਆਂ ਆਪਣੇ ਹੱਥਾਂ ਤੇ ਮਹਿੰਦੀ ਲਾਉਦੀਆਂ ਹਨ ਤੇ ਰੰਗ-ਬਰੰਗੀਆਂ ਚੂੜੀਆਂ ਵੀ ਚੜ੍ਹਾਉਂਦੀਆਂ ਹਨ। ਇੱਕ ਪਰਿਵਾਰ ਵਾਂਗ ਸਭ ਮੁਟਿਆਰਾਂ ਵੱਲੋਂ ਖੀਰ-ਪੂੜੇ ਬਣਾਏ ਜਾਂਦੇ ਹਨ, ਜਿਸਨੂੰ ਸਾਰੇ ਰੱਲ-ਮਿਲ ਕੇ ਖਾਂਦੇ ਹਨ। ਹਾਰ-ਸ਼ਿੰਗਾਰ ਕਰਕੇ ਫਿਰ ਸ਼ਾਮ ਨੂੰ ਤੀਆਂ ਮਨਾਉਣ ਲਈ ਕੁੜੀਆਂ ਪਿੰਡ ਦੇ ਖੁੱਲ੍ਹੇ ਮੈਦਾਨ ਵਿੱਚ ਇਕੱਠੀਆਂ ਹੋ ਕੇ ਗੀਤ ਗਾ ਕੇ, ਗਿੱਧਾ ਪਾ ਕੇ ਖੁਸ਼ੀ ਸਾਂਝੀ ਕਰਦੀਆਂ ਹਨ। ਤੀਆਂ ਵਿੱਚ ਦਰੱਖਤ ਉੱਪਰ ਪੀਂਘਾਂ ਪਾਉਣਾ ਇੱਕ ਰਸਮ ਮੰਨੀ ਜਾਂਦੀ ਹੈ। ਕੁੜੀਆਂ ਪਿੱਪਲਾਂ, ਟਾਹਲੀਆਂ ਦੇ ਦਰੱਖਤਾਂ ‘ਤੇ ਪੀਘਾਂ ਝੂਟਦੀਆਂ ਹਨ ਤੇ ਗੀਤ ਗਾਉਂਦੀਆਂ ਹਨ। ਵੱਡੀਆਂ-ਛੋਟੀਆਂ ਸਾਰੀਆਂ ਕੁੜੀਆਂ ਕਿੱਕਲੀ ਅਤੇ ਗਿੱਧਾ ਪਾਉਂਦੀਆਂ ਹਨ। ਉਸ ਸਮੇਂ ਕੁੜੀਆਂ ਦੇ ਨੱਚਣ-ਗਾਉਣ ਦਾ ਨਜ਼ਾਰਾ ਆਪਣੇ-ਆਪ ਵਿੱਚ ਹੀ ਰੰਗਲੇ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਪ੍ਰਗਟ ਕਰਦਾ ਹੈ।

ਤੀਆਂ ਵਾਲੇ ਦਿਨ ਸਾਰੀਆਂ ਕੁੜੀਆਂ ਹਾਰ-ਸ਼ਿੰਗਾਰ ਕਰਕੇ ਆਪਣੀਆਂ ਗੋਰੀਆਂ ਬਾਂਹਾਂ ਵਿੱਚ ਰੰਗ-ਬਿਰੰਗੀਆਂ ਚੂੜੀਆਂ ਚੜ੍ਹਾਉਂਦੀਆਂ ਹਨ ਤੇ ਹੁਸਨ ਨੂੰ ਚਾਰ ਚੰਨ ਲਾ ਦਿੰਦੀਆਂ ਹਨ। ਫਿਰ ਸਾਰੀ ਮੁਟਿਆਰਾਂ ਪਿੰਡ ਦੇ ਕਿਸੇ ਖੁੱਲ਼ੇ ਮੈਦਾਨ ਵਿੱਚ ਇਕੱਠੀਆਂ ਹੋ ਕੇ ਪਿੱਪਲਾਂ, ਟਾਹਲੀਆਂ ‘ਤੇ ਪੀਂਘਾਂ ਝੂਟਦੀਆਂ ਹਨ ਤੇ ਗੀਤ ਗਾਉਂਦੀਆਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੀਆਂ ਹਨ। ਮੁਟਿਆਰਾਂ ਦਾ ਗਿੱਧਾ, ਤੀਆਂ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੁੰਦਾ ਹੈ। ਗਿੱਧਾ ਪੰਜਾਬਣ ਮੁਟਿਆਰਾਂ ਦੇ ਅੰਦਰੂਨੀ ਜਜ਼ਬਿਆਂ ਨੂੰ ਜ਼ੁਬਾਨ ਦਿੰਦਾ ਹੈ। ਗਿੱਧਾ ਪਾਉਂਦੀਆਂ ਪੰਜਾਬਣਾਂ ਦੇ ਨੱਚਦੇ ਪਰਾਂਦੇ ਵੀ ਗਿੱਧੇ ਵਿੱਚ ਜਾਨ ਪਾ ਦਿੰਦੇ ਹਨ।

ਤੀਆਂ ਤੋਂ ਪਹਿਲਾਂ ਦੂਜ ਦੀ ਰਾਤ ਨੂੰ ‘ਮਹਿੰਦੀ ਵਾਲੀ ਰਾਤ‘ ਕਿਹਾ ਜਾਂਦਾ ਹੈ। ਸਾਰੇ ਬਜ਼ੁਰਗ, ਬੱਚੇ, ਜਵਾਨ, ਔਰਤਾਂ, ਕੁੜੀਆਂ, ਮੁਟਿਆਰਾਂ ਇਸ ਦਿਨ ਆਪਣੇ ਹੱਥਾਂ ਅਤੇ ਪੈਰਾਂ ‘ਤੇ ਮਹਿੰਦੀ ਲਗਾਉਂਦੀਆਂ ਹਨ ਅਤੇ ਗਾਉਂਦੀਆਂ ਹਨ –

ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ, ਵਿੱਚ ਬਾਗਾਂ ਦੇ ਰਹਿੰਦੀ,

ਘੋਟ-ਘੋਟ ਮੈਂ ਹੱਥਾਂ ਤੇ ਲਾਵਾਂ, ਫੋਲਕ ਬਣ ਬਣ ਲਹਿੰਦੀ,

ਬੋਲ ਸ਼ਰੀਕਾਂ ਦੇ ਮੈਂ ਨਾ ਬਾਬਲਾ ਸਹਿੰਦੀ, ਬੋਲ ਸ਼ਰੀਕਾਂ ਦੇ।

ਤੀਆਂ ਤੋਂ ਬਾਅਦ ਜਦੋਂ ਕੁੜੀਆਂ ਆਪਣੇ ਸਹੁਰੇ ਘਰ ਵਾਪਸ ਜਾਂਦੀਆਂ ਹਨ ਤਾਂ ਪੇਕੇ ਕੁੜੀਆਂ ਨੂੰ ਕੱਪੜੇ, ਚੂੜੀਆਂ, ਬਿਸਕੁਟ, ਮਹਿੰਦੀ ਤੇ ਸ਼ਗਨ ਦੇ ਤੌਰ ‘ਤੇ ਪੈਸੇ ਆਦਿ ਦੇ ਕੇ ਤੋਰਦੇ ਹਨ, ਜਿਸਨੂੰ ‘ਸੰਧਾਰਾ‘ ਕਿਹਾ ਜਾਂਦਾ ਹੈ। ਜਿਨ੍ਹਾਂ ਕੁੜੀਆਂ ਦੀ ਮੰਗਣੀ ਹੋਈ ਹੁੰਦੀ ਹੈ, ਉਨ੍ਹਾਂ ਨੂੰ ਤੀਆਂ ਦਾ ਸੰਧਾਰਾ ਸਹੁਰੇ ਘਰੋਂ ਆਉਂਦਾ ਹੈ।

ਵਰਸ਼ਾ ਵਰਮਾ

(ਪਟਿਆਲਾ)

Related Articles

Leave a Comment