ਅਰਵਿੰਦ ਕੇਜਰੀਵਾਲ ਦੀ ਜਮਾਨਤ ਨਾਲ ਉੱਡੀ ਵਿਰੋਧੀ ਧਿਰਾਂ ਦੀ ਨੀਂਦ- ਡਾ ਬਲਬੀਰ ਸਿੰਘ
– “ਕੰਮ ਨਹੀ ਘੜੰਮ ਚੋਧਰੀ” ਹੈ ਮੋਦੀ ਸਰਕਾਰ- ਡਾ ਬਲਬੀਰ
ਪਟਿਆਲਾ, 10 ਮਈ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਸਿਹਤ ਮੰਤਰੀ ਤੇ ਲੋਕ ਸਭਾ ਉਮੀਦਵਾਰ ਡਾ ਬਲਬੀਰ ਦੀ ਨਾਭਾ ਦੇ ਕਈ ਪਿੰਡਾ ਦੀ ਫੇਰੀ ਦੌਰਾਨ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੀ ਜਮਾਨਤ ਦੀ ਖੁਸ਼ੀ ਵਿੱਚ ਉਨਾਂ ਤੇ ਫੁੱਲ ਬਰਸਾਏ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਡਾ ਬਲਬੀਰ ਨੇ ਮੋਦੀ ਸਰਕਾਰ ਤੇ ਤੰਜ ਕਸਦਿਆ ਕਿਹਾ ਕਿ ਮੋਦੀ ਸਰਕਾਰ “ਕੰਮ ਨਹੀ ਘੜੰਮ ਚੋਧਰੀ” ਕਹਾਵਤ ਵਾਲੀ ਸਰਕਾਰ ਹੈ। ਨਾਭੇ ਦੇ ਕਈ ਪਿੰਡ ਕਕਰਾਲਾ, ਕੋਟ ਕਲਾਂ, ਅੱਚਲ, ਢੀਂਗੀ, ਬੋੜਾ ਕਲਾਂ, ਥੂਹੀ, ਨਰਮਾਣਾ, ਬਨੇਰੀ ਕਲਾਂ, ਸੌਜਾਂ, ਨਾਭਾ ਵਾਰਡ ਨੰ 18, 13, 9 ਦੀ ਫੇਰੀ ਦੌਰਾਨ ਡਾ ਬਲਬੀਰ ਨਾਲ ਉੱਥੋਂ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਮੰਚ ਤੋਂ ਸੰਬੋਧਨ ਕਰਦਿਆਂ ਡਾ ਬਲਬੀਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਬਹੁਤੇ ਕੰਮ ਘੜੰਮ ਚੋਧਰੀ ਵਾਲੇ ਹਨ, ਕਿਉਂਕਿ ਜਿਨ੍ਹਾਂ ਅਸਲ ਦੋਸ਼ੀਆਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ, ਉਹ ਦੋਸ਼ੀ ਅੱਜ ਵੀ ਕੇਂਦਰ ਦੀ ਸਰਕਾਰ ਚਲਾਉਣ ਵਿੱਚ ਪੂਰੀ ਤਰ੍ਹਾਂ ਭਾਈਵਾਲ ਹਨ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਇਸ ਵਾਰ ਲੋਕ ਭਗਵੇਂਕਰਨ ਦੀ ਨੀਤੀ ਨੂੰ ਸਮਝ ਗਏ ਹਨ ਅਤੇ ਉਹ ਦੇਸ਼ ਦਾ ਨਿਰਮਾਣ ਕਰਨ ’ਚ ਵਿਸ਼ਵਾਸ਼ ਰੱਖਣ ਵਾਲੀ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰਨਗੇ। ਉਨ੍ਹਾ ਜੋਰ ਦਿੰਦਿਆਂ ਕਿਹਾ ਕਿ ਕੇਜਰੀਵਾਲ ਨੂੰ ਕੈਦ ਕਰਕੇ ਮੋਦੀ ਸਰਕਾਰ ਨੂੰ ਵੱਡੀ ਹਾਰ ਹੋਣ ਦਾ ਖ਼ਦਸ਼ਾ ਵੀ ਸੀ ਪਰ ਸੁਪਰੀਮ ਕੋਰਟ ਵੱਲੋਂ ਮਿਲੀ ਜਮਾਨਤ ਨੇ ਮੋਦੀ ਸਰਕਾਰ ਦੇ ਨਾਲ ਨਾਲ ਹੋਰਨਾਂ ਵਿਰੋਧੀ ਧਿਰਾਂ ਦੀ ਵੀ ਨੀਂਦ ਉਡਾ ਕੇ ਰੱਖ ਦਿੱਤੀ ਹੈ।
ਉਨ੍ਹਾਂ ਕਿਹਾ ਕਿ 2024 ਦੀਆਂ ਚੋਣਾਂ ਦੇਸ਼ ਦੇ ਇਤਿਹਾਸ ਵਿੱਚ ਸਦਾ ਲਈ ਦਰਜ ਰਹਿਣਗੀਆਂ ਕਿਉਂਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੇਸ਼ ਦੀ ਰਾਜਨੀਤੀ ਸਦਾ ਲਈ ਬਦਲ ਜਾਵੇਗੀ। ਡਾ ਬਲਬੀਰ ਨੇ ਕਿਹਾ ਕਿ ‘‘ਇਹ ਚੋਣਾਂ ਸਧਾਰਨ ਨਹੀਂ ਹਨ’’ ਅਤੇ ਉਨਾਂ ਲੋਕਾਂ ਅੱਗੇ ਇੱਕ ਜੂਨ ਨੂੰ ਵਧ ਚੜ੍ਹ ਕੇ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਇਲਾਵਾ ਉਨਾਂ ਇਹ ਦਾਅਵਾ ਵੀ ਕੀਤਾ ਕਿ ਇਹ ਚੋਣਾਂ ਅਸਲ ਵਿੱਚ ਦੋ ਧਿਰਾਂ ਵਿੱਚ ਹੋ ਰਹੀਆਂ ਹਨ। ਇੱਕ ਧਿਰ ਦੇਸ਼ ਦੇ ਸੰਵਿਧਾਨ ਨੂੰ ਹੀ ਖਤਮ ਕਰਨਾ ਚਹੁੰਦੀ ਹੈ ਜਦ ਕਿ ਦੂਜੀ ਧਿਰ ਉਹ ਹੈ ਜੋ ਬਰਾਬਰੀ ਅਤੇ ਹੋਰਨਾਂ ਮਨੁੱਖੀ ਹੱਕਾਂ ਦੀ ਜਾਮਨੀ ਦਿੰਦੇ ਸੰਵਿਧਾਨ ਦੀ ਪਹਿਰੇਦਾਰ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਦੀਪਾ ਰਾਮਗੜ੍ਹ ਚੇਅਰਮੈਨ ਮਾਰਕੀਟ ਕਮੇਟੀ ਭਾਦਸੋਂ, ਤੇਜਿੰਦਰ ਸਿੰਘ ਖਹਿਰਾ, ਗੁਰਦੀਪ ਸਿੰਘ ਟਿਵਾਣਾ, ਗੁਰਲਾਲ ਸਿੰਘ ਮੱਲੀ, ਕਪਿਲ ਮਾਨ, ਡਾ ਸੁਖਦੇਵ ਸਿੰਘ ਸੰਧੂ, ਭੁਪਿੰਦਰ ਸਿੰਘ ਕਲੱਰ ਮਾਜਰੀ, ਮੇਜਰ ਸਿੰਘ ਤੁੰਗਾਂ, ਸੁਖਦੀਪ ਸਿੰਘ ਖਹਿਰਾ, ਸੂਬੇਦਾਰ ਗੁਰਿੰਦਰ ਸਿੰਘ ਕੁਲਾਰਾਂ, ਨਿਰਭੈ ਸਿੰਘ ਘੁੰਡਰ, ਰਜਨੀਸ਼ ਕੁਮਾਰ ਸੋਨੂ, ਜਸਵੀਰ ਸਿੰਘ ਵਜੀਦਪੁਰ, ਧਰਮਿੰਦਰ ਸਿੰਘ ਸੁੱਖੇਵਾਲ, ਇੰਦਰਜੀਤ ਸਿੰਘ ਸਰਾਜਪੁਰ, ਗੌਨਾ ਗਰਗ, ਨਵਜੋਤ ਸਿੰਘ ਪੂਨੀਆ, ਜਗਵਿੰਦਰ ਸਿੰਘ ਪੂਨੀਆ, ਵਰਿੰਦਰ ਸਿੰਘ ਕਕਰਾਲਾ, ਅਮਨ ਗਰਗ, ਸੁਖਦੀਪ ਸਿੰਘ ਖਹਿਰਾ, ਸਿਮਰਨ ਸਿੰਘ ਅੜਕ ਚੋਹਾਨ, ਸੁਖਜਿੰਦਰ ਸਿੰਘ ਟੌਹੜਾ, ਰੁਪਿੰਦਰ ਸਿੰਘ ਭਾਦਸੋਂ ਪ੍ਰਧਾਨ ਟਰੱਕ ਯੂਨੀਅਨ ਭਾਦਸੋਂ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦੇ, ਕਿਸਾਨ ਅਤੇ ਪਿੰਡ ਵਾਸੀ ਮੌਜੂਦ ਸਨ।