ਪਟਿਆਲਾ, 11 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਭਾਰਤੀ ਫ਼ੌਜ ‘ਚ ਭਰਤੀ ਲਈ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਜਾਗਰੂਕ ਕਰਨ, ਭਰਤੀ ਲਈ ਸਰੀਰਕ ਪਰਖ ਦੀ ਤਿਆਰੀ, ਟਾਊਟਾਂ ਤੋਂ ਸਾਵਧਾਨ ਰਹਿਣ ਲਈ ਜਾਗਰੂਕਤਾ, ਭਰਤੀ ਸਮੇਂ ਭਾਰਤੀ ਫ਼ੌਜ, ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਰਮਿਆਨ ਬਿਹਤਰ ਤਾਲਮੇਲ ਆਦਿ ਲਈ ਗਠਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਸਬ ਕਮੇਟੀ ਦੀ ਅੱਜ ਇੱਥੇ ਪਲੇਠੀ ਮੀਟਿੰਗ ਹੋਈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ, ਰਾਜ ਦੇ ਨੌਜਵਾਨਾਂ ਨੂੰ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਰੋਜ਼ਗਾਰ ਦੇ ਬਿਹਤਰ ਅਵਸਰ ਪ੍ਰਦਾਨ ਕਰਨ ਲਈ ਸੁਹਿਰਦ ਯਤਨ ਕਰ ਰਹੀ ਹੈ, ਜਿਸ ਲਈ ਪਟਿਆਲਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਭਵਿੱਖ ‘ਚ ਭਾਰਤੀ ਫ਼ੌਜ ਦੀ ਭਰਤੀ ਲਈ, ਹੋਣ ਵਾਲੀਆਂ ਰੈਲੀਆਂ ਤੋਂ ਪਹਿਲਾਂ ਜਾਗਰੂਕ ਕਰਨ, ਉਨ੍ਹਾਂ ਦੀ ਸਿਖਲਾਈ ਆਦਿ ਦੇ ਪ੍ਰਬੰਧ ਵੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਦਫ਼ਤਰਾਂ ਰਾਹੀਂ ਕੀਤੇ ਜਾ ਰਹੇ ਹਨ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਰਕਾਰ ਵੱਲੋਂ ਸੀ-ਪਾਈਟ ਕੇਂਦਰਾਂ ਰਾਹੀਂ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਨਾਭਾ ਦਾ ਸੀ-ਪਾਈਟ ਕੇਂਦਰ ਇਸ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਜਦੋਂਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਵੀ ਆਪਣੇ ਤੌਰ ‘ਤੇ ਸਾਬਕਾ ਸੈਨਿਕਾਂ ਦੇ ਆਸ਼ਰਿਤ ਨੌਜਵਾਨਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਉਨ੍ਹਾਂ ਹੋਰ ਕਿਹਾ ਕਿ ਜ਼ਿਲ੍ਹੇ ਦੇ ਸਕੂਲਾਂ ‘ਚ ਪੜ੍ਹਦੇ ਅਤੇ 10ਵੀਂ ਤੇ 12ਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਰਾਹੀਂ ਭਰਤੀ ਲਈ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਬਿਨ੍ਹਾਂ ਭਰਤੀ ਹੋਣ ਆਉਣ ਵਾਲੇ ਨੌਜਵਾਨਾਂ ਨੂੰ ਸੁਖਾਵਾਂ ਮਾਹੌਲ ਪ੍ਰਦਾਨ ਕਰਨ ਸਮੇਤ ਲੋੜੀਂਦੀਆਂ ਜਨ ਸਹੂਲਤਾਂ ਵੀ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬਧ ਹੈ।
ਇਸ ਮੌਕੇ ਆਰਮੀ ਭਰਤੀ ਦੇ ਪਟਿਆਲਾ ਕੇਂਦਰ ਦੇ ਭਰਤੀ ਡਾਇਰੈਕਟਰ ਕਰਨਲ ਰਾਜੇਸ਼ ਚੰਦੇਲ ਨੇ ਦੱਸਿਆ ਕਿ ਭਾਰਤੀ ਫ਼ੌਜ ਵੱਲੋਂ ਹਰ ਵਰ੍ਹੇ ਇੱਕ ਵਾਰ ਅਗਸਤ ਮਹੀਨੇ ਹੀ ਭਰਤੀ ਰੈਲੀ ਆਯੋਜਿਤ ਕਰਵਾਈ ਜਾਂਦੀ ਹੈ, ਉਨ੍ਹਾਂ ਕਿਹਾ ਕਿ ਭਰਤੀ ਸਮੇਂ ਨੌਜਵਾਨਾਂ ਨੂੰ ਇਸ ਭਰਤੀ ਰੈਲੀ ਦੌਰਾਨ ਟਾਊਟ ਕਿਸਮ ਦੇ ਲੋਕਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਾਉਣ ਲਈ ਨੌਜਵਾਨਾਂ ਨੂੰ ਭਰਤੀ ਲਈ ਕੋਈ ਪੈਸਾ ਜਾਂ ਸਿਫ਼ਾਰਸ਼ ਦੀ ਲੋੜ ਨਾ ਹੋਣ ਬਾਰੇ ਜਾਗਰੂਕ ਕਰਨਾ ਲਾਜਮੀ ਹੈ। ਇਸ ਤੋਂ ਇਲਾਵਾ ਟਾਊਟ ਕਿਸਮ ਦੇ ਲੋਕਾਂ ਵਿਰੁੱਧ ਪੁਲਿਸ ਕਾਰਵਾਈ ਕਰਨ ਬਾਰੇ ਵੀ ਉਨ੍ਹਾਂ ਨੇ ਨੁਕਤਾ ਉਠਾਇਆ, ਜਿਸ ‘ਤੇ ਏ.ਡੀ.ਸੀ. ਨੇ ਕਿਹਾ ਕਿ ਇਸ ਲਈ ਜ਼ਿਲ੍ਹਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਪਹਿਲਾਂ ਹੀ ਕੰਮ ਕਰ ਰਿਹਾ ਹੈ ਤਾਂ ਕਿ ਨੌਜਵਾਨਾਂ ਨੂੰ ਕੋਈ ਸ਼ਰਾਰਤੀ ਅਨਸਰ ਭਰਤੀ ਦੇ ਨਾਮ ‘ਤੇ ਗੁੰਮਰਾਹ ਨਾ ਕਰ ਸਕੇ।
ਮੀਟਿੰਗ ਮੌਕੇ ਡੀ.ਐਸ.ਪੀ. ਸਥਾਨਕ ਗੁਰਦੇਵ ਸਿੰਘ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਐਮ.ਐਸ. ਰੰਧਾਵਾ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ, ਡਿਪਟੀ ਡੀ.ਈ.ਓ. ਸੁਖਵਿੰਦਰ ਕੁਮਾਰ ਅਤੇ ਸੀ. ਪਾਈਟ ਦੇ ਨੁਮਾਇੰਦੇ ਹਾਕਮ ਸਿੰਘ ਵੀ ਮੌਜੂਦ ਸਨ।