ਚੰਡੀਗੜ੍ਹ 16 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਰਾਮਾਇਣ ਦੇ ਰਚੇਤਾ ਮਹਾਂਰਿਸ਼ੀ ਵਾਲਮੀਕ ਜੀ ਦੇ ਜੀਵਨ ਇਤਿਹਾਸ ਅਤੇ ਸਿੱਖਿਆਵਾਂ ਨੂੰ ਦਰਸਾਉਂਦਾ ਅਤਿ ਆਧੁਨਿਕ ਮਹਾਂਰਿਸ਼ੀ ਵਾਲਮੀਕ ਪੈਨੋਰਮਾ (ਮਿਊਜ਼ੀਅਮ ) ਛੇਤੀ ਹੀ ਬਣਾ ਕੇ ਲੋਕ ਅਰਪਣ ਕਰ ਦਿੱਤਾ ਜਾਵੇਗਾ l ਇਤਿਹਾਸਕਾਰਾਂ ਤੇ ਆਧਾਰਿਤ ਕਮੇਟੀ ਵੱਲੋਂ ਬਣਾਏ ਜਾਣ ਵਾਲੇ ਇਸ ਮਿਊਜ਼ੀਅਮ ਦੇ ਕੰਸੈਪਟ ਨੂੰ ਅੱਜ ਸ੍ਰੀ ਚਰਨਜੀਤ ਸਿੰਘ ਚੰਨੀ, ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਮਨਜ਼ੂਰ ਕਰ ਲਿਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਸ੍ਰੀ ਰਾਮ ਤੀਰਥ ਸਥਲ ਵਿਖੇ ਬਣਨ ਵਾਲੇ ਇਸ ਵਿਸ਼ਵ ਪ੍ਰਸਿੱਧ ਮਹਾਂਰਿਸ਼ੀ ਬਾਲਮੀਕ ਪੈਨੋਰਮਾ ਨੂੰ ਸਥਾਪਤ ਕਰਨ ਲਈ ਤਕਰੀਬਨ 25 ਕਰੋੜ ਰੁਪਏ ਖਰਚੇ ਜਾਣਗੇ l ਉਨ੍ਹਾਂ ਦੱਸਿਆ ਕਿ ਵਾਲਮੀਕ ਭਾਈਚਾਰੇ ਵੱਲੋਂ ਚਿਰਾਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਰਮਾਇਣ ਦੇ ਰਚੇਤਾ ਮਹਾਂਰਿਸ਼ੀ ਵਾਲਮੀਕ ਜੀ ਦੇ ਇਤਹਾਸ, ਜੀਵਨ ਤੇ ਸਿੱਖਿਆਵਾਂ ਨੂੰ ਦਰਸਾਉਂਦਾ ਅਤਿ ਆਧੁਨਿਕ ਤਕਨੀਕਾਂ ਵਾਲਾ ਇਕ ਮਿਊਜ਼ੀਅਮ ਉਸਾਰਿਆ ਜਾਵੇ, ਤਾਂ ਜੋ ਵਿਸ਼ਵ ਨੂੰ ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਅਤੇ ਅਤੇ ਸਿੱਖਿਆਵਾਂ ਬਾਰੇ ਪਤਾ ਲੱਗ ਸਕੇ l ਉਨ੍ਹਾਂ ਦੱਸਿਆ ਕਿ ਅੱਜ ਬਣਨ ਵਾਲੇ ਇਸ ਮਿਊਜ਼ੀਅਮ ਦੇ ਕੰਸੈਪਟ ਨੂੰ ਮਨਜ਼ੂਰ ਕੀਤੇ ਜਾਣ ਉਪਰੰਤ ਹੁਣ ਛੇਤੀ ਹੀ ਇਸ ਮਿਊਜ਼ੀਅਮ ਨੂੰ ਬਣਾਏ ਜਾਣ ਲਈ ਟੈਂਡਰ ਲਗਾ ਦਿੱਤੇ ਜਾਣਗੇ
ਅੱਜ ਦੀ ਇਸ ਮੀਟਿੰਗ ਵਿਚ ਸ੍ਰੀ ਸੰਜੇ ਕੁਮਾਰ, ਵਧੀਕ ਮੁੱਖ ਸਕੱਤਰ ਸੱਭਿਆਚਾਰਕ ਮਾਮਲੇ ਵਿਭਾਗ, ਸ਼੍ਰੀਮਤੀ ਕੰਵਲਪ੍ਰੀਤ ਬਰਾੜ ਡਾਇਰੈਕਟਰ ਸੱਭਿਆਚਾਰਕ ਮਾਮਲੇ ਵਿਭਾਗ, ਸ੍ਰੀ ਯੋਗੇਸ਼ ਗੁਪਤਾ ਚੀਫ਼ ਇੰਜਨੀਅਰ ਸੱਭਿਆਚਾਰਕ ਮਾਮਲੇ ਵਿਭਾਗ, ਸ੍ਰੀ ਭੁਪਿੰਦਰ ਸਿੰਘ ਚਾਨਾ ਐਕਸੀਅਨ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਸਮੇਤ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ