ਪਟਿਆਲਾ, 23 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਡਾ. ਦਮਨਜੀਤ ਸੰਧੂ ਨੇ ਅੱਜ ਯੂਨੀਵਰਸਿਟੀ ਵਿਖੇ ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫੇਅਰਜ਼ ਦੇ ਡੀਨ ਵਜੋਂ ਅਹੁਦਾ ਸੰਭਾਲ਼ ਲਿਆ ਹੈ। ਬੀਤੇ ਕੱਲ੍ਹ ਉਨ੍ਹਾਂ ਨੂੰ ਇਸ ਅਹੁਦੇ ਉੱਤੇ ਤਾਇਨਾਤ ਕੀਤੇ ਜਾਣ ਸਬੰਧੀ ਆਦੇਸ਼ ਹੋਏ ਸਨ।
ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ, ਡਾਇਰੈਕਟਰ, ਕਾਂਸਟੀਚੁਐਂਟ ਕਾਲਜ ਡਾ. ਜਸਵਿੰਦਰ ਸਿੰਘ ਬਰਾੜ, ਵਿੱਤ ਅਫ਼ਸਰ ਪ੍ਰਮੋਦ ਅੱਗਰਵਾਲ ਅਤੇ ਹੋਰ ਅਧਿਕਾਰੀ ਅਤੇ ਅਧਿਆਪਕ ਸੰਘ ਦੇ ਮੈਂਬਰ ਹਾਜ਼ਰ ਰਹੇ।
ਜ਼ਿਕਰਯੋਗ ਹੈ ਕਿ ਪ੍ਰੋ. ਸੰਧੂ ਪਹਿਲਾਂ ਹੀ ਅੰਤਰਰਾਸ਼ਟਰੀ ਮਾਮਲਿਆਂ ਦੇ ਡਾਇਰੈਕਟੋਰੇਟ ਵਿੱਚ ਕੋਆਰਡੀਨੇਟਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਦੁਨੀਆ ਭਰ ਦੇ ਵੱਖ-ਵੱਖ ਸੰਗਠਨਾਂ ਨਾਲ਼ ਯੂਨੀਵਰਸਿਟੀ ਦੀ ਸਾਂਝੇਦਾਰੀ ਕਾਇਮ ਕਰਨ ਹਿਤ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੇ ਹਨ। ਅਹੁਦਾ ਸੰਭਾਲਣ ਸਮੇਂ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਦਿਵਾਉਣ ਲਈ ਯਤਨਸ਼ੀਲ ਰਹਿਣਗੇ।
