-ਡਿਜੀਟਲ ਪੰਜਾਬ ਵੱਲ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ, ਆਮ ਲੋਕ ਆਨਲਾਈਨ ਸੇਵਾ ਦਾ ਲਾਭ ਲੈਣ-ਪੂਜਾ ਸਿਆਲ
-ਨਾਗਰਿਕ ਸੇਵਾਵਾਂ ਪ੍ਰਾਪਤ ਕਰਨ ‘ਚ ਮੁਸ਼ਕਿਲਾਂ ਦੇ ਹੱਲ ਲਈ ਵਰਦਾਨ ਸਾਬਤ ਹੋਵੇਗੀ ਰਾਜ ਪੱਧਰੀ ਹੈਲਪਲਾਈਨ- ਕੇ.ਕੇ. ਮਲਹੋਤਰਾ
-ਰਾਜ ਦਾਖਲਾ ਪੋਰਟਲ ਨਾਲ ਵਿਦਿਆਰਥੀਆਂ ਨੂੰ ਘਰ ਬੈਠਿਆਂ ਹੀ ਕਾਲਜਾਂ ‘ਚ ਮਿਲੇਗੀ ਐਡਮਿਸ਼ਨ-ਬਿਮਲਾ ਸ਼ਰਮਾ
ਪਟਿਆਲਾ, 19 ਅਗਸਤ: ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਮੌਕੇ ਆਮ ਨਾਗਰਿਕਾਂ ਨੂੰ ਦਰਪੇਸ਼ ਕਿਸੇ ਵੀ ਤਕਲੀਫ਼ ਦੇ ਹੱਲ ਲਈ ਸ਼ੁਰੂ ਕੀਤੀ ਗਈ ਏਕੀਕ੍ਰਿਤ ਰਾਜ ਹੈਲਪਲਾਈਨ 1100 ਅਤੇ ਪੰਜਾਬ ਦੇ ਸਰਕਾਰੀ ਕਾਲਜਾਂ ‘ਚ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਦਾਖਲਿਆਂ ਲਈ ਰਾਜ ਦਾਖ਼ਲਾ ਪੋਰਟਲ ਦੀ ਸ਼ੁਰੂਆਤ ਲਈ ਪਟਿਆਲਾ ਵਿਖੇ ਵੀ ਆਨ ਲਾਈਨ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਪੰਜਾਬ ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਪਰਸਨ ਬਿਮਲਾ ਸ਼ਰਮਾ, ਪੰਜਾਬ ਲਾਰਜ ਸਕੇਲ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਕੇ.ਕੇ. ਸਹਿਗਲ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਚੇਅਰਮੈਨ ਜਸਵੀਰ ਇੰਦਰ ਸਿੰਘ ਢੀਂਡਸਾ, ਮਹਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਕਿਰਨ ਢਿੱਲੋਂ, ਜ਼ਿਲ੍ਹਾ ਦਿਹਾਤੀ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਊਂਟਸਰ ਤੇ ਹਰਦੇਵ ਸਿੰਘ ਬੱਲੀ ਵੀ ਮੌਜੂਦ ਸਨ।
ਏ.ਡੀ.ਸੀ. (ਜ) ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਡਿਜੀਟਲ ਪੰਜਾਬ ਵੱਲ ਨਿਵੇਕਲੀ ਪਹਿਲਕਦਮੀ ਹੈ, ਇਸ ਲਈ ਸਰਕਾਰ ਦੀਆਂ ਸੇਵਾਵਾਂ ਦਾ ਲਾਭ ਲੈਣ ਲਈ ਲੋਕ ਕੇਵਲ ਇੱਕ ਬਟਨ ਹੀ ਕਲਿਕ ਕਰਨਗੇ ਅਤੇ ਇਸ ਨਾਲ ਲੋਕਾਂ ਨੂੰ ਕਈ ਪੱਖਾਂ ਤੋਂ ਲਾਭ ਮਿਲੇਗਾ ਅਤੇ ਜੀਵਨ ਵੀ ਆਸਾਨ ਹੋਵੇਗਾ।
ਇਸ ਦੌਰਾਨ ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੇ ਨਾਗਰਿਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਉਠਾਏ ਕਦਮਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਅੱਜ ਅਰੰਭ ਕੀਤੀਆਂ ਗਈਆਂ ਦੋਵੇਂ ਆਨਲਾਈਨ ਸੇਵਾਵਾਂ ਨਾਗਰਿਕਾਂ ਲਈ ਵਰਦਾਨ ਸਾਬਤ ਹੋਣਗੀਆਂ।
ਪੰਜਾਬ ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਪਰਸਨ ਬਿਮਲਾ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਵਿਦਿਆਰਥੀਆਂ ਨੂੰ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਜਮਾਤਾਂ ‘ਚ ਸਰਕਾਰੀ ਕਾਲਜਾਂ ਵਿਖੇ ਦਾਖਲੇ ਲੈਣ ਲਈ ਸ਼ੁਰੂ ਕੀਤਾ ਗਿਆ ਦਾਖ਼ਲਾ ਪੋਰਟਲ ਸ਼ੁਰੂ ਹੋਣ ਨਾਲ ਵਿਦਿਆਰਥੀਆਂ ਨੂੰ ਕੋਰੋਨਾ ਮਹਾਂਮਾਰੀ ਦੇ ਦੌਰ ‘ਚ ਘਰ ਬੈਠਿਆਂ ਹੀ ਮਨਚਾਹੇ ਕੋਰਸ ਤੇ ਕਾਲਜ ‘ਚ ਦਾਖਲਾ ਹਾਸਲ ਕਰਨ ਲਈ ਅਹਿਮ ਸੇਵਾਵਾ ਸਾਬਤ ਹੋਵੇਗੀ।
ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ ਨੇ ਕਿਹਾ ਕਿ ਜੇਕਰ ਕਿਸੇ ਨਾਗਰਿਕ ਨੂੰ ਸਰਕਾਰੀ ਦਫ਼ਤਰਾਂ ਜਾਂ ਸੇਵਾ ਕੇਂਦਰਾਂ ਤੋਂ ਸਰਕਾਰੀ ਸੇਵਾ ਹਾਸਲ ਕਰਨ ‘ਚ ਕੋਈ ਤਕਲੀਫ ਹੈ ਤਾਂ ਉਹ ਹੈਲਪਲਾਈਨ 1100 ‘ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕੇਗਾ ਤਾਂ ਇਸ ਦਾ ਤੁਰੰਤ ਨਿਵਾਰਨ ਕਰਕੇ ਨਾਗਰਿਕ ਨੂੰ ਸੂਚਿਤ ਕਰਕੇ ਹੀ ਸ਼ਿਕਾਇਤ ਬੰਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਨ ਲਾਈਨ ਪੋਰਟਲ ਨਾਲ ਵਿਦਿਆਰਥੀਆਂ ਦੀ ਵੱਖ-ਵੱਖ ਕਾਲਜਾਂ ‘ਚ ਜਾ ਕੇ ਦਾਖਲੇ ਲੈਣ ਸਮੇਂ ਪੈਸੇ ਤੇ ਖੱਜਲ ਖੁਆਰੀ ਬੰਦ ਹੋਵੇਗੀ ਤੇ ਉਨ੍ਹਾਂ ਨੂੰ ਡਿਜ਼ੀਲਾਕਰ ਲਿੰਕਿੰਗ ਦੀ ਸੁਵਿਧਾ ਮਿਲਣ ਸਮੇਤ ਕਿਸੇ ਨਿਜੀ ਦਸਤਾਵੇਜ ਨੂੰ ਤਸਦੀਕ ਕਰਵਾਉਣ ਤੋਂ ਵੀ ਰਾਹਤ ਮਿਲੇਗੀ।