???? ਭਗਵਾਨ ਸ੍ਰੀ ਜਗਨਨਾਥ ਰੱਥ ਯਾਤਰਾ ਕੱਲ੍ਹ ਪਟਿਆਲਾ ‘ਚ
???? ਸ਼ਰਧਾ ਅਤੇ ਧੂਮਧਾਮ ਨਾਲ ਮਨਾਉਣ ਲਈ ਤਿਆਰੀਆਂ ਮੁੱਕਮਲ
ਪਟਿਆਲਾ, 27 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨਾ ਕੌਂਸ਼ਿਅਸਨੈਸ (ਇਸਕੋਨ) ਚੰਡੀਗੜ੍ਹ ਅਤੇ ਇਸਕੋਨ ਫੈਸਟੀਵਲ ਕਮੇਟੀ-ਪਟਿਆਲਾ ਵੱਲੋਂ 28 ਜੂਨ, ਦਿਨ ਸ਼ਨੀਵਾਰ ਨੂੰ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿਖੇ 23ਵੀਂ ਭਗਵਾਨ ਜਗਨਨਾਥ ਰੱਥ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸਕੋਨ ਮੰਦਿਰ, ਚੰਡੀਗੜ੍ਹ ਦੇ ਸੰਤ ਸ਼੍ਰੀ ਅਕਿੰਚਨ ਪ੍ਰਿਆ ਦਾਸ ਅਨੁਸਾਰ, ਇਸਕੋਨ ਦੇ ਸ਼ਰਧਾਲੂਆਂ ਅਤੇ ਭਾਰਤ ਅਤੇ ਵਿਦੇਸ਼ਾਂ ਤੋਂ ਉੱਘੀਆਂ ਅਧਿਆਤਮਿਕ ਸ਼ਖਸੀਅਤਾਂ ਦੇ ਯਾਤਰਾ ਵਿੱਚ ਹਿੱਸਾ ਲੈਣ ਦੀ ਉਮੀਦ ਹੈ।
ਰੱਥ ਯਾਤਰਾ ਦੀਆਂ ਤਿਆਰੀਆਂ ਸਬੰਧੀ ਇੱਕ ਸਮੀਖਿਆ ਮੀਟਿੰਗ ਐਸ.ਡੀ.ਕੇ.ਐਸ ਭਵਨ, ਪਟਿਆਲਾ ਵਿਖੇ ਸ਼੍ਰੀ ਅਕਿੰਚਨ ਪ੍ਰਿਆ ਦਾਸ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਅਸ਼ਵਨੀ ਗੋਇਲ, ਧੀਰਜ ਚਲਾਨਾ, ਸੀ.ਐਮ ਮਿੱਤਲ, ਯੋਗੇਸ਼ ਬਾਂਸਲ, ਅਨਿਲ ਵਰਮਾ, ਸੁਭਾਸ਼ ਗੁਪਤਾ, ਮਹਿੰਦਰ ਪਾਲ, ਪੁਨੀਤ ਬੁੱਧੀਰਾਜਾ, ਚੰਦਰ ਸ਼ੇਖਰ, ਦਵਿੰਦਰ ਕੁਮਾਰ ਦੁਆ, ਸੁਦਰਸ਼ਨ ਮਿੱਤਲ, ਜਿੰਮੀ ਗੁਪਤਾ, ਸਚਿਨ ਟੰਡਨ, ਜਸਪ੍ਰੀਤ ਸਿੰਘ ਰਾਜਾ ਅਤੇ ਹੋਰ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਸ੍ਰੀ ਧੀਰਜ ਚਲਾਨਾ, ਪ੍ਰਧਾਨ ਇਸਕੋਨ ਮਹੋਤਸਵ ਸਮਿਤੀ-ਪਟਿਆਲਾ ਨੇ ਦੱਸਿਆ ਕਿ ਛੱਪਣ ਭੋਗ ਅਤੇ ਆਰਤੀ 28 ਜੂਨ, 2025 ਨੂੰ ਸਵੇਰੇ 09:00 ਵਜੇ ਐਸ.ਡੀ.ਕੇ.ਐਸ ਭਵਨ, ਰਾਜਪੁਰਾ ਰੋਡ, ਪਟਿਆਲਾ ਵਿਖੇ ਹੋਵੇਗੀ। ਭਗਵਾਨ ਸ੍ਰੀ ਜਗਨਨਾਥ, ਭਗਵਾਨ ਬਲਭੱਦਰ ਅਤੇ ਦੇਵੀ ਸੁਭੱਦਰਾ ਜੀ ਦੇ ਫੁੱਲਾਂ ਨਾਲ ਸਜੇ ਤੇ ਦਿਵਿਆ ਚੱਕਰ ਵਾਲੇ ਰੱਥ ਨਾਲ ਸ਼ਹਿਰ ਭਰ ਵਿੱਚ ਰੱਥ ਯਾਤਰਾ ਕੱਢੀ ਜਾਵੇਗੀ।
ਇਹ ਧਾਰਮਿਕ ਰੱਥ ਯਾਤਰਾ ਬੜੇ ਉਤਸਾਹ ਤੇ ਸ਼ਰਧਾ ਦੇ ਨਾਲ ਪਟਿਆਲਾ ਦੇ ਇਤਿਹਾਸਕ ਤੇ ਪ੍ਰਾਚੀਨ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਪਟਿਆਲਾ ਤੋਂ ਦੁਪਹਿਰ 1 ਵਜੇ ਮਾਲ ਰੋਡ ਤੋਂ ਸ਼ੁਰੂ ਹੋ ਕੇ ਲਾਹੌਰੀ ਗੇਟ, ਆਰੀਆ ਸਮਾਜ, ਤ੍ਰਿਵੇਣੀ ਚੌਕ, ਸਰਹਿੰਦੀ ਬਾਜ਼ਾਰ, ਦਰਸ਼ਨੀ ਗੇਟ, ਕਿਲਾ ਚੌਂਕ, ਅਦਾਲਤ ਬਾਜ਼ਾਰ, ਧਰਮਪੁਰਾ ਬਾਜ਼ਾਰ, ਗਊਸ਼ਾਲਾ ਰੋਡ, ਸ਼ੇਰ-ਏ ਪੰਜਾਬ ਮਾਰਕਿਟ, ਪ੍ਰੈੱਸ ਰੋਡ, ਆਰੀਆ ਸਮਾਜ ਸਬਜ਼ੀ ਮੰਡੀ, ਨਹਿਰੂ ਪਾਰਕ ਰੋਡ, ਸਰਹਿੰਦੀ ਗੇਟ, ਸ਼੍ਰੀ ਹਨੂੰਮਾਨ ਮੰਦਰ ਰਾਜਪੁਰਾ ਰੋਡ ਦੇ ਨਾਲ ਸਥਿਤ ਸਨਾਤਨ ਧਰਮ ਕੁਮਾਰ ਸਭਾ ਭਵਨ ਪਟਿਆਲਾ ਵਿਖੇ ਬਾਅਦ ਸ਼ਾਮ 7:30 ਸੰਪੂਰਨ ਹੋਵੇਗੀ। ਇਸ ਤੋਂ ਬਾਅਦ ਸ੍ਰੀ ਹਰਿਨਾਮ ਸੰਕੀਰਤਨ ਅਤੇ ਜਗਨਨਾਥ ਕਥਾ ਹੋਵੇਗੀ।
ਇਸ ਸਮਾਗਮ ਦੇ ਹੋਰ ਆਕਰਸ਼ਣ ਵਿੱਚ ਵਿਦੇਸ਼ੀ ਸ਼ਰਧਾਲੂਆਂ ਦੁਆਰਾ ਭਗਵਾਨ ਜਗਨਨਾਥ ਦੇ ਰੱਥ ਦੇ ਸਾਹਮਣੇ ਮ੍ਰਿਦੰਗ ਅਤੇ ਝਾਂਜਰਾਂ ਦੀ ਧੁਨ ‘ਤੇ ਪੇਸ਼ ਕੀਤਾ ਜਾਣ ਵਾਲਾ “ਸਵਾਮੀ ਨ੍ਰਿਤ” ਅਤੇ ਭਗਵਾਨ ਕ੍ਰਿਸ਼ਨ ਅਤੇ ਭਗਵਾਨ ਰਾਮ ਦੇ ਵੱਖ-ਵੱਖ ਮਨੋਰੰਜਨਾਂ ਨੂੰ ਦਰਸਾਉਂਦੀਆਂ ਸੁੰਦਰ ਢੰਗ ਨਾਲ ਸਜਾਈਆਂ ਗਈਆਂ ਝਾਕੀਆਂ ਹੋਣਗੀਆਂ।
ਜ਼ਿਕਰਯੋਗ ਹੈ ਕਿ ਇਸ ਰੱਥ ਯਾਤਰਾ ਦੇ ਦਰਸ਼ਨਾਂ ਲਈ ਸਮੂਹ ਵਰਗਾਂ ਦੇ ਲੋਕ ਉਤਸਾਹ ਨਾਲ ਸ਼ਾਮਿਲ ਹੁੰਦੇ ਹਨ।
Newsline Express
