-10 ਸਤੰਬਰ ਤੱਕ ਆਨਲਾਈਨ ਰਜਿਸਟਰੇਸ਼ਨ ਕਰਨੀ ਲਾਜ਼ਮੀ : ਗਰੇਵਾਲ
ਚੰਡੀਗੜ੍ਹ, 23 ਅਗਸਤ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਖੇਡ ਸੰਸਥਾ, “ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ” ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਪੰਜਾਬ (ਰਜਿ.) ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਰਜਿ.) ਵੱਲੋਂ ਗੁਰਦਵਾਰਾ ਬਾਬੇ ਕੇ, ਸੈਕਟਰ 53, ਚੰਡੀਗੜ੍ਹ ਵਿਖੇ ਵਿਸ਼ੇਸ਼ ਤੌਰ ‘ਤੇ ਲੜਕੀਆਂ ਲਈ ਤਿੰਨ ਰੋਜਾ ਗੱਤਕਾ ਸੈਮੀਨਾਰ-ਕਮ-ਰੈਫਰੀ ਕੈਂਪ 01 ਅਕਤੂਬਰ ਤੋਂ 03 ਅਕਤੂਬਰ, 2021 ਤੱਕ ਲਗਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਗੱਤਕੇਬਾਜ ਲੜਕੀਆਂ ਦੀ ਸਮਰੱਥਾ ਉਸਾਰੀ ਅਤੇ ਬਰਾਬਰੀ ਦੇ ਮੌਕੇ ਮੁਹੱਈਆ ਕਰਨ ਲਈ ਇਹ ਕੈਂਪ ਲਾਇਆ ਜਾ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਸਾਰੇ ਟੂਰਨਾਮੈਂਟਾਂ ਵਿੱਚ ਲੜਕੀਆਂ ਵੀ ਲੜਕਿਆਂ ਦੇ ਮੁਕਾਬਲੇ ਰੈਫ਼ਰੀ ਦੀ ਭੂਮਿਕਾ ਨਿਭਾਅ ਸਕਣ। ਉਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਸੁਵਖਤੇ ਤੇ ਸ਼ਾਮ ਨੂੰ ਗਰਾਉਂਡ ਵਿੱਚ ਐਸੋਸੀਏਸ਼ਨ ਦੀ ਨਵੀਂ ਰੂਲ ਬੁੱਕ ਮੁਤਾਬਿਕ ਗੱਤਕੇ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ ਜਦਕਿ ਦਿਨ ਦੇ ਸਮੇਂ ਥਿਊਰੀ ਕਲਾਸਾਂ ਦੌਰਾਨ ਮਾਹਿਰਾਂ ਵੱਲੋਂ ਵਿਸ਼ੇਸ਼ ਲੈਕਚਰ ਦਿੱਤੇ ਜਾਣਗੇ।
ਉਨਾ ਦੱਸਿਆ ਕਿ ਇਸ ਰਾਜ ਪੱਧਰੀ ਕੈਂਪ ਵਿੱਚ ਭਾਗ ਲੈਣ ਵਾਲੀਆਂ ਜਿੰਨਾਂ ਲੜਕੀਆਂ ਨੂੰ ਰੈਫਰੀ ਵਜੋਂ ਚੁਣਿਆਂ ਜਾਵੇਗਾ ਉਨਾਂ ਨੂੰ ਸਮਾਰਟ ਸ਼ਨਾਖਤੀ ਕਾਰਡ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਮੂਹ ਕੈਪਰਾਂ ਨੂੰ ਟੀ-ਸ਼ਰਟਾਂ ਅਤੇ ਸਰਟੀਫ਼ਿਕੇਟ ਵੀ ਦਿੱਤੇ ਜਾਣਗੇ। ਗੱਤਕਾ ਪ੍ਰਮੋਟਰ ਗਰੇਵਾਲ ਨੇ ਕਿਹਾ ਕਿ ਸਮੂਹ ਕੈਂਪਰ ਲੜਕੀਆਂ ਲਈ ਸੁਖਾਵੇਂ ਅਤੇ ਸੁਰੱਖਿਅਤ ਮਾਹੌਲ ਵਿੱਚ ਰਿਹਾਇਸ਼ ਅਤੇ ਖਾਣਾ ਮੁਫ਼ਤ ਮਿਲੇਗਾ। ਗੱਤਕਾ ਕੈਂਪ ਲਈ ਰਜਿਸਟਰੇਸ਼ਨ ਫ਼ੀਸ 100 ਰੁਪਏ ਹੈ ਅਤੇ 20 ਸਾਲ ਤੋਂ ਵੱਧ ਉਮਰ ਦੀਆਂ ਚਾਹਵਾਨ ਗੱਤਕੇਬਾਜ ਲੜਕੀਆਂ ਜਾਂ ਅਧਿਆਪਕਾਵਾਂ ਨੂੰ 10 ਸਤੰਬਰ ਤੱਕ www.Gatkaa.com/registration-
ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਨੇ ਹਰ ਤਰਾਂ ਦੇ ਵਿੱਦਿਅਕ ਅਦਾਰਿਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗੱਤਕਾ ਖੇਡ ਦੀ ਪ੍ਰਫੁੱਲਤਾ, ਖਿਡਾਰਨਾਂ ਦੀ ਬਿਹਤਰੀ ਅਤੇ ਉਜਲ ਭਵਿੱਖ ਨੂੰ ਦੇਖਦਿਆਂ ਆਪਣੇ ਅਦਾਰੇ ਦੀਆਂ ਗੱਤਕਾ ਖੇਡਣ ਵਾਲੀਆਂ ਲੜਕੀਆਂ/ਅਧਿਆਪਕਾਵਾਂ ਨੂੰ ਉਕਤ ਗੱਤਕਾ ਸੈਮੀਨਾਰ-ਕਮ-ਰੈਫਰੀ ਕੈਂਪ ਵਿੱਚ ਭਾਗ ਲੈਣ ਲਈ ਇਹ ਸੂਚਨਾ ਜ਼ਰੂਰ ਭਿਜਵਾ ਦੇਣ।