-ਪੇਂਡੂ ਮਹਿਲਾਵਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜਕੇ ਸਵੈ ਰੋਜ਼ਗਾਰ ਦੇਣ ਦੇ ਯਤਨ ਸਫ਼ਲ ਹੋਏ-ਡਾ. ਪ੍ਰੀਤੀ ਯਾਦਵ
ਪਟਿਆਲਾ, 20 ਅਗਸਤ : ਸੁਨੀਤਾ ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਦੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਣਾਏ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਨੂੰ ਮੁਫ਼ਤ ਬਾਇਓਮੈਟ੍ਰਿਕ ਡਿਵਾਇਸ ਵੰਡੇ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਪੇਂਡੂ ਗਰੀਬ ਔਰਤਾਂ ਨੂੰ ਸਵੈ ਸਹਾਇਤਾ ਸਮੂਹ ਨਾਲ ਜੋੜ ਕੇ ਸਵੈ ਰੋਜਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਜਿਹੇ ਯਤਨ ਸਫ਼ਲ ਹੋਏ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿਹਾ ਕਿ ਭਾਰਤ ਦੀ 75 ਪ੍ਰਤੀਸ਼ਤ ਅਬਾਦੀ ਪਿੰਡਾਂ ਦੀ ਵਸਨੀਕ ਹੈ ਜ਼ਿਨ੍ਹਾਂ ਨੂੰ ਪੈਨਸ਼ਨ, ਬਿਜਲੀ ਬਿੱਲ, ਡਿਜੀਟਲ ਲੈਣ-ਦੇਣ ਆਦਿ ‘ਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਬੀ.ਸੀ. ਸਖੀਆਂ ਨੂੰ ਪਿੰਡਾਂ ‘ਚ ਰਹਿੰਦੀ ਵੱਸੋਂ ਦੀ ਸਹੂਲੀਅਤ ਲਈ ਬਾਇਓਮੈਟ੍ਰਿਕ ਡਿਵਾਇਸ ਪ੍ਰਦਾਨ ਕੀਤੇ ਗਏ ਹਨ, ਜ਼ਿਨ੍ਹਾਂ ਨਾਲ ਪਿੰਡ ਪੱਧਰ ‘ਤੇ ਇਹ ਸਖੀਆਂ ਆਪਣੇ ਸੇਵਾ ਕੇਂਦਰ ਸਥਾਪਤ ਕਰ ਸਕਦੀਆ ਹਨ, ਜਿਥੇ ਪੈਨਸ਼ਨ, ਬਿਜਲੀ ਬਿੱਲ, ਫੋਨ ਰੀਚਾਰਜ, ਬੀਮਾ ਕਾਰਡ, ਹਵਾਈ ਟਿਕਟਾਂ, ਆਨ-ਲਾਈਨ ਟਰੇਨਿੰਗ ਆਦਿ ਕੰਮ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਇਨ੍ਹਾਂ ਔਰਤਾਂ ਦੀ ਆਜੀਵਿਕਾ ਵਿੱਚ ਵਾਧਾ ਹੋਵੇਗਾ ਉਥੇ ਹੀ ਲੋਕਾਂ ਨੂੰ ਪਿੰਡ ਪੱਧਰ ‘ਤੇ ਹੀ ਸਹੂਲਤ ਮਿਲ ਸਕੇਗੀ।
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੀ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰੀਨਾ ਰਾਣੀ ਨੇ ਸਵੈ ਸਹਾਇਤਾ ਸਮੂਹ ਔਰਤਾਂ ਨੂੰ ਕੋਵਿਡ-19 ਬਾਰੇ ਜਾਗਰੂਕ ਕੀਤਾ ਅਤੇ ਮੁਫ਼ਤ ਸੈਨੀਟਾਈਜ਼ਰ ਤੇ ਮਾਸਕ ਵੀ ਵੰਡੇ। ਰੀਨਾ ਰਾਣੀ ਤੋਂ ਇਲਾਵਾ ਜ਼ਿਲ੍ਹਾ ਫੰਕਸ਼ਨਲ ਮੈਨੇਜਰ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਰਣਦੀਪ ਕੌਰ ਤੇ ਜ਼ਿਲ੍ਹਾ ਮੈਨੇਜਰ ਕਾਮਨ ਸਰਵਿਸ ਸੈਂਟਰ ਅੰਕਿਤ ਸ਼ਰਮਾ ਨੇ ਪੇਂਡੂ ਖੇਤਰ ਦੀਆ ਸਵੈ ਸਹਾਇਤਾ ਸਮੂਹਾ ਦੀਆ ਔਰਤਾਂ ਨੂੰ ਟਰੇਨਿੰਗ ਵੀ ਦਿੱਤੀ।