???? ਪੰਜਾਬ ਦੀ ਵਿਰਾਸਤੀ ਧਰੋਹਰ ਮਹਿੰਦਰਾ ਕਾਲਜ ਨੂੰ ਹੋਰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ: ਹਰਜੋਤ ਸਿੰਘ ਬੈਂਸ
???? ਸਰਕਾਰੀ ਮਹਿੰਦਰਾ ਕਾਲਜ ਨੇ ਦੇਸ਼ ਦੀ ਝੋਲੀ ਉੱਚ ਦਰਜੇ ਦੇ ਖਿਡਾਰੀ ਤੇ ਅਧਿਕਾਰੀ ਪਾਏ
???? ਉੱਤਰੀ ਭਾਰਤ ਦੀ ਸਭ ਤੋਂ ਪੁਰਾਣੀ ਵਿੱਦਿਅਕ ਸੰਸਥਾ ਨੇ ਪੰਜਾਬੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ‘ਚ ਨਿਭਾਈ ਅਹਿਮ ਭੂਮਿਕਾ
???? ਸਿੱਖਿਆ ਤੇ ਸਿਹਤ ਪੰਜਾਬ ਸਰਕਾਰ ਦੀਆਂ ਮੁੱਖ ਤਰਜੀਹਾਂ ‘ਚ ਸ਼ਾਮਲ : ਡਾ. ਬਲਬੀਰ ਸਿੰਘ
???? ਸਰਕਾਰੀ ਮਹਿੰਦਰਾ ਕਾਲਜ ਨੇ 150ਵਾਂ ਸਥਾਪਨਾ ਦਿਵਸ ਸਫ਼ਰ-ਏ- ਫ਼ਖਰ ਮਨਾਇਆ
ਪਟਿਆਲਾ, 19 ਅਗਸਤ: ਨਿਊਜ਼ਲਾਈਨ ਐਕਸਪ੍ਰੈਸ –
ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੀ ਵਿਰਾਸਤੀ ਧਰੋਹਰ ਸਰਕਾਰੀ ਮਹਿੰਦਰਾ ਕਾਲਜ ਨੂੰ ਹੋਰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ 150 ਸਾਲ ਦੇ ਸ਼ਾਨਾਮੱਤੇ ਇਤਿਹਾਸ ਦੇ ਪ੍ਰਤੀਕ ਸਰਕਾਰੀ ਮਹਿੰਦਰਾ ਕਾਲਜ ਦੀ ਬਿਹਤਰੀ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਉਹ ਅੱਜ ਸਰਕਾਰੀ ਮਹਿੰਦਰਾ ਕਾਲਜ ਦੇ 150 ਸਾਲਾ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਉਨ੍ਹਾਂ ਦੇ ਨਾਲ ਵਿਸ਼ੇਸ਼ ਮਹਿਮਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਉਚੇਰੀ ਸਿੱਖਿਆ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਵੀ ਮੌਜੂਦ ਸਨ।
ਸਰਕਾਰੀ ਮਹਿੰਦਰਾ ਕਾਲਜ ਦੇ 150 ਸਾਲਾ ਸਥਾਪਨਾ ਦਿਵਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ 41 ਸ਼ਖ਼ਸੀਅਤਾਂ ਦਾ ਸਨਮਾਨ ਕਰਦਿਆਂ ਉਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਉੱਤਰੀ ਭਾਰਤ ਦੀ ਸਭ ਤੋਂ ਪੁਰਾਣੀ ਵਿੱਦਿਅਕ ਸੰਸਥਾ ਸਰਕਾਰੀ ਮਹਿੰਦਰਾ ਕਾਲਜ ਨੇ ਇਨ੍ਹਾਂ 150 ਸਾਲਾ ਵਿੱਚ ਦੇਸ਼ ਨੂੰ ਨਿਆਇਕ ਅਧਿਕਾਰੀ, ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ. ਸਮੇਤ ਫੌਜ, ਪੁਲਿਸ, ਪੱਤਰਕਾਰਤਾ ਸਮੇਤ ਹਰੇਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਦੇਣ ਵਾਲੇ ਵਿਦਿਆਰਥੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਸੰਸਥਾ ਨੇ ਪੰਜਾਬੀਆਂ ਨੂੰ ਸਿੱਖਿਅਤ ਕਰਕੇ ਸਮੇਂ ਦਾ ਹਾਣੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪਹਿਲੇ ਦਿਨ ਤੋਂ ਹੀ ਸਿੱਖਿਆ ਤੇ ਸਿਹਤ ਪ੍ਰਮੁੱਖ ਤਰਜੀਹਾਂ ਰਹੀਆਂ ਹਨ ਤੇ ਇਨ੍ਹਾਂ ਖੇਤਰ ਵਿੱਚ ਸਰਕਾਰ ਵੱਲੋਂ ਸੰਜੀਦਗੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮਹਿੰਦਰਾ ਕਾਲਜ ਦੀ ਬਿਹਤਰੀ ਲਈ ਪੰਜਾਬ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਮਨਿੰਦਰ ਕੌਰ ਸਿੱਧੂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੀ ਅਮੀਰ ਵਿਰਾਸਤ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ। ਸਮਾਰੋਹ ਵਿਚ ਕਾਲਜ ਦੇ ਪੁਰਾਣੇ ਵਿਦਿਆਰਥੀ ਬਹਾਦਰ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਕਾਲਜ ਦੇ 150 ਸਾਲਾ ਸਫ਼ਰ ਨੂੰ ਬਿਆਨਦੀ ਡਾਕੂਮੈਂਟਰੀ ਫਿਲਮ ਰਿਲੀਜ਼ ਕੀਤੀ ਗਈ ਅਤੇ ਸੋਵੀਨਰ ਜਾਰੀ ਕੀਤਾ ਗਿਆ।
ਇਸ ਦੌਰਾਨ ਸਾਬਕਾ ਰਾਜ ਸਭਾ ਮੈਂਬਰ ਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤ੍ਰਿਲੋਚਨ ਸਿੰਘ ਨੇ ਕਾਲਜ ਵਿਖੇ ਪੜ੍ਹਦਿਆਂ ਕਾਲਜ ਵਿੱਚ ਬਿਤਾਏ ਦਿਨਾਂ ਨੂੰ ਯਾਦ ਕੀਤਾ ਤੇ ਨਾਲ ਹੀ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ।
ਕਾਲਜ ਦੇ ਸਾਬਕਾ ਮੁਖੀ ਅੰਗਰੇਜ਼ੀ ਵਿਭਾਗ ਡਾ. ਸਵਰਾਜ ਰਾਜ ਨੇ ਕਾਲਜ ਦੇ 150 ਸਾਲਾ ਸਫ਼ਰ-ਏ- ਫ਼ਖਰ ਦੀ ਅਹਿਮੀਅਤ ਦੱਸਦਿਆਂ ਇਸ ਦੇ ਆਗਾਜ਼ ਤੇ ਸਿਖ਼ਰ ਬਾਰੇ ਸੰਖੇਪ ਵੇਰਵੇ ਸਾਂਝੇ ਕਰਦਿਆਂ ਪਹੁੰਚੀਆਂ ਸ਼ਖਸੀਅਤਾਂ ਅਤੇ ਕਾਲਜ ਪ੍ਰਿੰਸੀਪਲ ਦਾ ਰਸਮੀ ਤੌਰ ‘ਤੇ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਸਹਾਇਕ ਪ੍ਰੋ. ਡਾ. ਮੁਹੰਮਦ ਸੋਹੇਲ ਨੇ ਬਾਖੂਬੀ ਕੀਤਾ।
ਸਮਾਗਮ ਵਿੱਚ ਜਗਤ ਗੁਰੂ ਨਾਨਕ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋਫੈਸਰ ਰਤਨ ਸਿੰਘ, ਮਨਵੇਸ਼ ਸਿੰਘ ਸਿੱਧੂ, ਨਵਰੀਤ ਕੌਰ ਸੇਖੋਂ, ਚਰਨਜੋਤ ਸਿੰਘ ਵਾਲੀਆ, ਮੇਅਰ ਕੁੰਦਨ ਗੋਗੀਆ ਤੇ ਕਾਲਜ ਦੇ ਸਾਬਕਾ ਪ੍ਰਿੰਸੀਪਲ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇਸ਼ਮੂਲੀਅਤਕੀਤੀ।
