???? IAS ਅਫ਼ਸਰਾਂ ਨੇ ਦੋ ਸਾਲਾਂ ‘ਚ ਫੂਕਿਆ 30 ਲੱਖ ਦਾ ਤੇਲ, CS ਦੀ ਸਟਾਫ਼ ਕਾਰ ਦਾ ਪੈਟਰੋਲ ਖਰਚਾ ਦੁੱਗਣਾ; RTI ‘ਚ ਹੋਇਆ ਖੁਲਾਸਾ
ਚੰਡੀਗੜ੍ਹ, 15 ਦਸੰਬਰ : ਨਿਊਜ਼ਲਾਈਨ ਐਕਸਪ੍ਰੈਸ – ਚੰਡੀਗੜ੍ਹ ‘ਚ ਤਾਇਨਾਤ ਸੀਨੀਅਰ IAS ਅਧਿਕਾਰੀਆਂ ਨੇ ਪਿਛਲੇ ਦੋ ਸਾਲਾਂ ‘ਚ ਆਪਣੀਆਂ ਸਰਕਾਰੀ ਗੱਡੀਆਂ ਲਈ ਲਗਪਗ 30 ਲੱਖ ਰੁਪਏ ਦਾ ਪੈਟਰੋਲ ਖਰਚ ਕੀਤਾ ਹੈ। ਜ਼ਿਆਦਾਤਰ ਮਹੀਨਿਆਂ ‘ਚ ਤਤਕਾਲੀ ਵਿੱਤ ਸਕੱਤਰ ਦੀ ਗੱਡੀ ਦਾ ਪੈਟਰੋਲ ਬਿੱਲ ਸਭ ਤੋਂ ਵੱਧ ਰਿਹਾ। ਮੁੱਖ ਸਕੱਤਰ ਦੀ ਸਟਾਫ਼ ਕਾਰ ਦਾ ਈਂਧਨ ਖਰਚਾ ਕਈ ਵਾਰ ਉਨ੍ਹਾਂ ਦੀ ਆਪਣੀ ਗੱਡੀ ਦੇ ਖਰਚੇ ਨਾਲੋਂ ਲਗਪਗ ਦੁੱਗਣਾ ਪਾਇਆ ਗਿਆ ਹੈ। ਇਹ ਜਾਣਕਾਰੀ ਸੂਚਨਾ ਦਾ ਅਧਿਕਾਰ (RTI) ਤਹਿਤ ਪ੍ਰਾਪਤ ਹੋਈ ਹੈ।
ਆਰਟੀਆਈ ਰਾਹੀਂ ਮੁੱਖ ਸਕੱਤਰ, ਸਕੱਤਰ ਅਤੇ ਪ੍ਰਧਾਨ ਸਕੱਤਰ ਪੱਧਰ ਦੇ ਉਨ੍ਹਾਂ ਅਧਿਕਾਰੀਆਂ ਦੀਆਂ ਗੱਡੀਆਂ ਦੇ ਈਂਧਨ ਖਰਚੇ ਦਾ ਵੇਰਵਾ ਮੰਗਿਆ ਗਿਆ ਸੀ, ਜੋ ਸਿੱਧੇ ਮੁੱਖ ਸਕੱਤਰ ਨੂੰ ਰਿਪੋਰਟ ਕਰਦੇ ਹਨ। ਇਹ ਅੰਕੜੇ ਸਾਲ 2022-23 ਅਤੇ 2023-24 ਨਾਲ ਸਬੰਧਤ ਹਨ। ਕੁੱਲ ਮਿਲਾ ਕੇ 24 ਮਹੀਨਿਆਂ ‘ਚ ਲਗਪਗ 29 ਲੱਖ ਰੁਪਏ ਦਾ ਖਰਚਾ ਸਾਹਮਣੇ ਆਇਆ ਹੈ। ਮਾਸਿਕ ਅੰਕੜਿਆਂ ਵਿਚ ਇੱਕੋ ਜਿਹਾ ਪੈਟਰਨ ਦਿਖਾਈ ਦਿੰਦਾ ਹੈ।
ਅਪ੍ਰੈਲ 2022 ‘ਚ, ਕਰੀਬ 10 ਸੀਨੀਅਰ ਆਈਏਐਸ ਅਧਿਕਾਰੀਆਂ ਦੀਆਂ ਗੱਡੀਆਂ ‘ਤੇ ਕੁੱਲ 1.55 ਲੱਖ ਰੁਪਏ ਦਾ ਈਂਧਨ ਖਰਚ ਹੋਇਆ। ਇਸ ਵਿੱਚ ਗ੍ਰਹਿ ਸਕੱਤਰ ਅਤੇ ਵਿਸ਼ੇਸ਼ ਸਕੱਤਰ (ਕਰਮਚਾਰੀ) ਦਾ ਖਰਚਾ ਕ੍ਰਮਵਾਰ ਲਗਪਗ 18 ਹਜ਼ਾਰ ਅਤੇ 15 ਹਜ਼ਾਰ ਰੁਪਏ ਰਿਹਾ।
ਮੁੱਖ ਸਕੱਤਰ ਦੀ ਆਪਣੀ ਗੱਡੀ ਦਾ ਖਰਚਾ ਲਗਾਤਾਰ ਘੱਟ ਰਿਹਾ ਜਦੋਂ ਕਿ ਉਨ੍ਹਾਂ ਦੀ ਸਟਾਫ਼ ਕਾਰ ਦਾ ਖਰਚਾ ਜ਼ਿਆਦਾ ਰਿਹਾ। ਉਦਾਹਰਣ ਵਜੋਂ ਮਈ 2022 ਵਿਚ ਮੁੱਖ ਸਕੱਤਰ ਦੀ ਗੱਡੀ ਦਾ ਖਰਚਾ 4 ਹਜ਼ਾਰ ਰੁਪਏ ਤੋਂ ਘੱਟ ਸੀ ਜਦੋਂਕਿ ਉਨ੍ਹਾਂ ਦੀ ਸਟਾਫ਼ ਕਾਰ ਦਾ ਬਿੱਲ 9 ਹਜ਼ਾਰ ਰੁਪਏ ਤੋਂ ਵੱਧ ਸੀ।
ਨਿਊਜ਼ਲਾਈਨ ਐਕਸਪ੍ਰੈਸ
