???? ਵੀਰ ਹਕੀਕਤ ਰਾਏ ਜੀ ਦੇ ਬਲਿਦਾਨ ਦਿਵਸ ਵੱਜੋਂ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ
ਪਟਿਆਲਾ, 23 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਵੀਰ ਹਕੀਕਤ ਰਾਏ ਜੀ ਦੇ ਬਲਿਦਾਨ ਦਿਵਸ ਵੱਜੋਂ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਇੱਕ ਨਾਟਕ ਰਾਹੀਂ ਵੀਰ ਹਕੀਕਤ ਰਾਏ ਦੀ ਆਪਣੇ ਧਰਮ ਪ੍ਰਤੀ ਸ਼ਹਾਦਤ ਨੂੰ ਦਰਸਾਇਆ ਅਤੇ ਸਕੂਲ ਦੀਆਂ ਵਿਦਿਆਰਥਣਾਂ ਦੁਆਰਾ ਭਜਨ ਅਤੇ ਦੇਸ਼ ਭਗਤੀ ਗੀਤ ਗਾ ਕੇ ਵੀਰ ਹਕੀਕਤ ਰਾਏ ਨੂੰ ਆਪਣੇ ਸ਼ਰਧਾ ਦੇ ਫੁੱਲ ਅਰਪਣ ਕੀਤੇ। ਇਸ ਮੌਕੇ ਸ੍ਰੀ ਨਰੇਸ਼ ਕੁਮਾਰ ਸਿੰਗਲਾ ਚੇਅਰਮੈਨ (ਪੰਜਾਬ ਰੇਡੀਮੇਡ ਗਾਰਮੈਂਟਸ ਐਸੋਸੀਏਸ਼ਨ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਪ੍ਰੋਗਰਾਮ ਵਿੱਚ ਸਕੂਲ ਤੋਂ ਪੜ੍ਹ ਕੇ ਗਏ ਵਿਦਿਆਰਥੀਆਂ ਵਿੱਚੋਂ ਮੁਕੇਸ਼ ਸਿੰਗਲਾ PSPCL, ਇੰਦਰਜੀਤ ਸਿੰਘ (PPSC), ਰਸ਼ਪਿੰਦਰ (XEN- Water supply and Sanitation), ਮੋਹਿਤ ਮਰਵਾਹਾ (ਬਲਾਕ ਪ੍ਰਧਾਨ ਪਟਿਆਲਾ ਦਿਹਾਤੀ), ਮੁਨੀਸ਼ ਬਾਤਿਸ਼ ਅਤੇ ਗਰੀਨਮੈਨ ਦੇ ਨਾਂਅ ਉੱਤੇ ਜਾਣੇ ਜਾਂਦੇ ਪ੍ਰਸਿੱਧ ਸਮਾਜ ਸੇਵੀ ਭਗਵਾਨ ਦਾਸ ਜੁਨੇਜਾ (ਸਮਾਜ ਸੇਵਕ), ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਤੇ ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਦੇ ਚੀਫ ਐਡੀਟਰ ਅਸ਼ੋਕ ਵਰਮਾ, ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਕੁਮਾਰ ਬਾਲੀ, ਪੰਜਾਬ ਕੇਸਰੀ ਦੇ ਸੀਨੀਅਰ ਪੱਤਰਕਾਰ ਰਾਜੇਸ਼ ਪੰਜੋਲਾ ਵਰਗੀਆਂ ਪ੍ਰਸਿੱਧ ਸ਼ਖ਼ਸੀਅਤਾਂ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ।

ਇਸ ਮੌਕੇ ਸਕੂਲ ਸਭਾ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ, ਉਪ ਪ੍ਰਧਾਨ ਗਿਆਨ ਚੰਦ ਰਤਨ, ਫਾਈਨੈਂਸ ਸੈਕਟਰੀ ਹਰਿੰਦਰ ਗੁਪਤਾ, ਸਟੋਰ ਇੰਚਾਰਜ ਦੀਪਕ ਸੇਠੀ, ਜਤਿੰਦਰ ਸ਼ਰਮਾ, ਵਿਜੇ ਚੋਪੜਾ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਦ ਲਗਾ ਦਿੱਤੇ। ਇਸ ਮੌਕੇ ਬੋਲਦਿਆਂ ਮੋਹਿਤ ਮਰਵਾਹਾ ਨੇ ਬੱਚਿਆਂ ਨੂੰ ਅਧਿਆਪਕਾਂ ਦੀ ਇੱਜਤ ਕਰਨ ਦਾ ਸੰਦੇਸ਼ ਦਿੱਤਾ ਅਤੇ ਵੀਰ ਹਕੀਕਤ ਰਾਏ ਜੀ ਤੋਂ ਸਿਖਿਆ ਲੈ ਕੇ ਆਪਣੇ ਹੀ ਧਰਮ ਵਿੱਚ ਰਹਿਣ ਲਈ ਪ੍ਰੇਰਿਆ। ਮੁੱਖ ਮਹਿਮਾਨ ਨਰੇਸ਼ ਸਿੰਗਲਾ ਨੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਹੋ ਰਹੇ ਧਰਮ ਪਰਿਵਰਤਨ ਤੋਂ ਦੂਰ ਰਹਿਣ ਲਈ ਕਿਹਾ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਵੀਰ ਬਾਲਕ ਹਕੀਕਤ ਰਾਏ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਤੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਆਪਣੇ ਧਰਮ ਵਿੱਚ ਪੱਕਾ ਰਹਿਣ ਦੀ ਪ੍ਰੇਰਨਾ ਦਿੱਤੀ। ਸਕੂਲ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਨੇ ਇਸ ਪ੍ਰੋਗਰਾਮ ਵਿਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ। Newsline Express
