???? ਪੰਜਾਬ ਭਰ ਵਿੱਚ ਡੀ.ਸੀ. ਤੇ ਸਬ-ਤਹਿਸੀਲ ਦਫਤਰਾਂ ਵਿੱਚ ਹੜਤਾਲ ਜਾਰੀ, ਕਰਮਚਾਰੀ ਇਨਸਾਫ਼ ਲਈ ਅੜੇ ; ਘੜੇ ਭੰਨ ਕੇ ਕੀਤਾ ਰੋਸ ਪ੍ਰਦਰਸ਼ਨ
???? ਵੀਰਵਾਰ ਨੂੰ ਸਰਕਾਰ ਦੇ ਪੁਤਲੇ ਫੂਕਣ ਦੀ ਤਿਆਰੀ ਅਤੇ ਸ਼ੁੱਕਰਵਾਰ ਨੂੰ ਕੱਢੀ ਜਾਵੇਗੀ ਰੋਸ ਰੈਲੀ
???? ਹੜਤਾਲ ਕਾਰਨ ਲੋਕਾਂ ਨੂੰ ਪਰੇਸ਼ਾਨੀ, ਸਰਕਾਰ ਦੋਸ਼ੀਆਂ ਵਿਰੁੱਧ ਤੁਰੰਤ ਕਰੇ ਕਾਰਵਾਈ
ਪਟਿਆਲਾ, 18 ਮਾਰਚ -ਨਿਊਜ਼ਲਾਈਨ ਐਕਸਪ੍ਰੈਸ- ਪੰਜਾਬ ਭਰ ਦੇ ਡੀ.ਸੀ. ਦਫਤਰਾਂ, ਐਸ.ਡੀ.ਐਮ., ਤਹਿਸੀਲ ਅਤੇ ਸਬ-ਤਹਿਸੀਲ ਦਫਤਰਾਂ ਵਿੱਚ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਕਲਮਛੋੜ ਅਤੇ ਕੰਪਿਊਟਰ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ। ਸੰਭਾਵਨਾ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਸ ਪੂਰੇ ਹਫ਼ਤੇ ਤੱਕ ਜਾਰੀ ਰਹਿ ਸਕਦੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਸਬੰਧੀ ਅੱਜ ਮਿੰਨੀ ਸਕੱਤਰੇਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਬਾਹਰ ਜਿਲ੍ਹਾ ਚੇਅਰਮੈਨ ਰਘੁਬੀਰ ਸਿੰਘ ਅਤੇ ਪ੍ਰਧਾਨ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਹੜਤਾਲ ਦੇ ਚੱਲਦੇ ਰੋਸ ਪ੍ਰਦਰਸ਼ਨ ਹੋਰ ਵੀ ਤੇਜ਼ ਹੋ ਗਏ ਅਤੇ ਕਰਮਚਾਰੀਆਂ ਨੇ ਘੜੇ ਭੰਨ ਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਜ਼ਿਕਰਯੋਗ ਹੈ ਕਿ ਰੋਸ ਪ੍ਰਦਰਸ਼ਨ, ਰੈਲੀਆਂ ਤੇ ਕਲਮਛੋੜ ਹੜਤਾਲਾਂ ਦਾ ਸਿਲਸਿਲਾ ਬੀਤੇ 8 ਮਾਰਚ ਨੂੰ ਮੋਹਾਲੀ ਵਿਖੇ ਹੋਏ ਪ੍ਰਦਰਸ਼ਨ ਦੌਰਾਨ ਕਰਮਚਾਰੀਆਂ ਨਾਲ ਹੋਏ ਮਾੜੇ ਵਤੀਰੇ ਤੋਂ ਬਾਅਦ ਸ਼ੁਰੂ ਹੋਇਆ। ਉਸਤੋਂ ਬਾਅਦ ਅੱਧੀ ਰਾਤ ਨੂੰ “ਦਿ ਪੰਜਾਬ ਰਾਜ ਜਿਲ੍ਹਾ (ਡੀ.ਸੀ.) ਦਫ਼ਤਰ ਕਰਮਚਾਰੀ ਯੂਨੀਅਨ” ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨਾਲ ਹੋਈ ਪੁਲਿਸ ਦੀ ਵਧੀਕੀ ਕਾਰਨ ਜ਼ਿਆਦਾ ਵੱਧ ਗਿਆ।
ਦੋਸ਼ ਹੈ ਕਿ 9 ਮਾਰਚ ਦੀ ਅੱਧੀ ਰਾਤ ਨੂੰ ਮੁਲਾਜ਼ਮ ਆਗੂ ਤੇਜਿੰਦਰ ਸਿੰਘ ਨੰਗਲ ਨੂੰ ਥਾਣਾ ਜੰਡਿਆਲਾ ਗੁਰੂ ਦੇ ਐਸ.ਐਚ.ਓ. ਨਰੇਸ਼ ਕੁਮਾਰ ਅਤੇ ਪੁਲਿਸ ਪਾਰਟੀ ਵੱਲੋਂ ਬਿਨਾਂ ਕਾਰਨ ਉਨ੍ਹਾਂ ਨੂੰ ਘਰੋਂ ਧੂਸ-ਘੜੀਸ ਕਰਕੇ ਬਦਸਲੂਕੀ ਕੀਤੀ ਗਈ, ਗਾਲ੍ਹਾਂ ਕੱਢੀਆਂ, ਜਾਤੀ ਸੂਚਕ ਸ਼ਬਦ ਵਰਤੇ ਗਏ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਅਤੇ ਗਿਰਫ਼ਤਾਰ ਕਰ ਲਿਆ ਗਿਆ ਸੀ।

ਇਸ ਘਟਨਾ ਦੇ ਵਿਰੋਧ ਵਜੋਂ ਪਹਿਲਾਂ 16 ਅਤੇ 17 ਮਾਰਚ ਨੂੰ ਜ਼ਿਲ੍ਹਾ ਪੱਧਰ ‘ਤੇ ਧਰਨੇ ਦਿੱਤੇ ਗਏ ਅਤੇ ਅੰਮ੍ਰਿਤਸਰ ਵਿਖੇ ਐਸ.ਐਸ.ਪੀ. ਦਿਹਾਤੀ ਦਫਤਰ ਦਾ ਘਿਰਾਓ ਕੀਤਾ ਗਿਆ। ਇਸ ਦੇ ਬਾਵਜੂਦ ਕੋਈ ਢੁਕਵੀਂ ਕਾਰਵਾਈ ਨਾ ਹੋਣ ਕਾਰਨ ਹੁਣ ਸੂਬਾ ਭਰ ਵਿੱਚ ਕੰਮਕਾਜ ਠੱਪ ਕਰ ਦਿੱਤਾ ਗਿਆ। ਯੂਨੀਅਨ ਨੇ ਮੰਗ ਕੀਤੀ ਕਿ ਸੰਬੰਧਤ ਐਸ.ਐਚ.ਓ. ਅਤੇ ਪੁਲਿਸ ਕਰਮਚਾਰੀਆਂ ਖ਼ਿਲਾਫ਼ ਸਖ਼ਤ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।

ਹੁਣ ਪਤਾ ਲੱਗਾ ਹੈ ਕਿ ਉਕਤ ਐਸ.ਐਚ.ਓ. ਨਰੇਸ਼ ਕੁਮਾਰ ਅਤੇ ਇੱਕ ਸਿਪਾਹੀ ਨੂੰ ਸਸਪੇਂਡ ਕਰ ਦਿੱਤਾ ਗਿਆ ਹੈ। ਪ੍ਰੰਤੂ ਕਰਮਚਾਰੀ ਯੂਨੀਅਨਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ਼ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕਰ ਰਹੀਆਂ ਹਨ।

ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਇਨਸਾਫ਼ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ
ਇਸ ਹੜਤਾਲ ਦੇ ਕਾਰਨ ਰੋਜ਼ਾਨਾ ਪ੍ਰਭਾਵਿਤ ਹੋ ਰਹੇ ਵੱਖ ਵੱਖ ਦਫ਼ਤਰੀ ਕੰਮਕਾਜ ਤੇ ਹੋਰ ਜ਼ਰੂਰੀ ਕੰਮਾਂ ਲਈ ਆਏ ਲੋਕਾਂ ਨੂੰ ਹੋਣ ਵਾਲਿਆਂ ਪਰੇਸ਼ਾਨੀਆਂ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। Newsline Express
