ਚੰਡੀਗੜ, 29 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਸਰਕਾਰ ਨੇ 1 ਅਕਤੂਬਰ 2021 ਤੋਂ ਝੋਨੇ ਦੀ ਖਰੀਦ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸ੍ਰੀ ਭਾਰਤ ਭੂਸ਼ਨ ਆਸ਼ੂ ਖੁਰਾਕ ਤੇ ਸਪਲਾਈ ਮੰਤਰੀ ਨੇ ਕਿਹਾ ਗਿਆ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਦਾਣਾ ਦਾਣਾ ਖਰੀਦਣ ਲਈ ਵਚਨਬੱਧ ਹੈ। ਸ੍ਰੀ ਆਸ਼ੂ ਨੇ ਮੁੱਖ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਵਲੋਂ ਸਮੇਂ ਸਿਰ ਸੀ.ਸੀ.ਐਲ ਹਾਸਲ ਕਰਨ ਲਈ ਕੀਤੇ ਗਏ ਸੁਹਿਰਦ ਯਤਨਾ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਯਤਨਾ ਸਦਕਾ ਝੋਨੇ ਦੀ ਖਰੀਦ ਸੁਰੂ ਹੋਣ ਤੋ ਪਹਿਲਾਂ ਹੀ ਸੂਬੇ ਨੂੰ ਸੀ.ਸੀ.ਐਲ ਮਿਲ ਗਈ ਹੈ। ਉਹਨਾਂ ਕਿਹਾ ਕਿ ਸ੍ਰੀ ਚੰਨੀ ਵਲੋਂ ਸੀ.ਸੀ.ਐਲ ਹਾਸਲ ਕਰਨ ਲਈ ਸ੍ਰੀ ਸੁਧਾਂਸ਼ੂ ਪਾਂਡੇ ਖੁਰਾਕ ਸਕੱਤਰ, ਭਾਰਤ ਸਰਕਾਰ ਨਾਲ ਇਸ ਮਸਲੇ ਤੇ ਲਗਾਤਾਰ ਸੰਪਰਕ ਬਣਾਕੇ ਰੱਖਿਆ ਗਿਆ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਭੀੜ-ਭੜੱਕੇ ਨੂੰ ਰੋਕਣ ਲਈ ਕਿਸਾਨਾਂ, ਮਜ਼ਦੂਰਾਂ, ਪੱਲੇਦਾਰਾ, ਆੜਤੀਆਂ, ਢੋਆ-ਢੁਆਈ ਵਿਚ ਸ਼ਾਮਿਲ ਲੋਕਾਂ ਅਤੇ ਖਰੀਦ ਕਾਰਜ ਵਿੱਚ ਲੱਗੇ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਕੋਵਿਡ-19 ਦੇ ਬਚਾਅ ਲਈ ਸੂਬੇ ਭਰ ਵਿਚ ਪੰਜਾਬ ਮੰਡੀ ਬੋਰਡ ਵੱਲੋਂ ਨੋਟੀਫਾਈ ਕੀਤੇ 1806 ਖਰੀਦ ਕੇਂਦਰਾਂ ਤੋਂ ਇਲਾਵਾ ਤਕਰੀਬਨ 800 ਹੋਰ ਯੋਗ ਰਾਈਸ ਮਿਲਾਂ ਅਤੇ ਜਨਤਕ ਥਾਵਾਂ ਨੂੰ ਆਰਜ਼ੀ ਖਰੀਦ ਕੇਂਦਰ ਬਣਾਇਆ ਜਾ ਰਿਹਾ ਹੈ।
ਸ੍ਰੀ ਆਸ਼ੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਏ ਗ੍ਰੇਡ ਝੋਨੇ ਦੀ ਐਮ.ਐਸ.ਪੀ. 1960/- ਰੁਪਏ ਪ੍ਰਤੀ ਕੁਵਿੰਟਲ ਐਲਾਨੀ ਗਈ ਹੈ ।ਆਰ.ਬੀ.ਆਈ ਵੱਲੋਂ 35,712.73 ਕਰੋੜ ਰੁਪਏ ਦੀ ਸੀ.ਸੀ.ਐੱਲ ਲਿਮਟ ਜਾਰੀ ਦਿੱਤੀ ਗਈ ਹੈ ਅਤੇ ਲੋੜੀਂਦੀਆਂ ਗੱਠਾਂ ਦੇ ਪ੍ਰਬੰਧ ਕਰ ਲਏ ਗਏ ਹਨ।
ਖਰੀਦ ਪ੍ਰਕਿਰਿਆ 30 ਨਵੰਬਰ 2021 ਤੱਕ ਜਾਰੀ ਰਹੇਗੀ ਅਤੇ ਖਰੀਦ ਤੋਂ 48 ਘੰਟਿਆਂ ਵਿੱਚ ਜਿਣਸ ਦੀ ਅਦਾਇਗੀ ਅਤੇ 72 ਘੰਟਿਆ ਵਿੱਚ ਲਿਫਟਿੰਗ ਨੂੰ ਯਕੀਨੀ ਬਣਾਇਆ ਜਾਵੇਗਾ।
ਉਨਾਂ ਕਿਹਾ ਕਿ ਖਰੀਦ ਕੇਂਦਰਾਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਪੀਣ ਵਾਲੇ ਪਾਣੀ, ਲਾਈਟ, ਛਾਂਦਾਰ ਬੈਠਣ ਵਾਲੀ ਜਗਾ ਅਤੇ ਸਾਫ਼ ਸੁਥਰੇ ਪਖਾਨਿਆਂ ਦਾ ਵੀ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਹਨ।
ਸ੍ਰੀ ਆਸ਼ੂ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਦੂਜੇ ਰਾਜਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਆਉਣ ਵਾਲੇ ਝੋਨੇ/ਚਾਵਲ ਨੂੰ ਰੋਕਣ ਲਈ ਪੰਜਾਬ ਰਾਜ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਕਿਹਾ ਹੈ ਕਿ ਉਹ ਦੂਜੇ ਰਾਜਾਂ ਦੇ ਨਾਲ ਪੰਜਾਬ ਰਾਜ ਦੀਆਂ ਸਰਹਦਾਂ ਉਤੇ ਪੁਲਿਸ ਦੇ ਵਿਸ਼ੇਸ਼ ਨਾਕੇ ਸਥਾਪਿਤ ਕਰਨ ਤਾਂ ਜੋ ਬੋਗਸ ਬਿਲਿੰਗ ਨੂੰ ਪੂਰੀ ਤਰਾਂ ਨੱਥ ਪਾਈ ਜਾ ਸਕੇ।