2 ਅਕਤੂਬਰ ਤੱਕ ਚੱਲਣਗੀਆਂ ਵਿਸ਼ੇਸ਼ ਸਫ਼ਾਈ ਅਤੇ ਜਾਗਰੂਕਤਾ ਗਤੀਵਿਧੀਆਂ
ਪਟਿਆਲਾ, 21 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਜ਼ਿਲ੍ਹਾ ਪ੍ਰੀਸ਼ਦ, ਪਟਿਆਲਾ ਵਿਖੇ ਏ.ਡੀ.ਸੀ. (ਆਰ.ਡੀ.) ਦਮਨਜੀਤ ਸਿੰਘ ਮਾਨ ਦੀ ਅਗਵਾਈ ਅਤੇ ਡੀ.ਐੱਸ.ਓ. ਰਸ਼ਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪੱਧਰੀ “ਸਵੱਛਤਾ ਹੀ ਸੇਵਾ 2026” ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਸ਼ਾਨਦਾਰ ਲਾਂਚਿੰਗ ਸਮਾਰੋਹ ਵਿੱਚ ਐੱਸ.ਡੀ.ਐੱਮ. ਰਿਚਾ ਗੋਇਲ, ਡਿਪਟੀ ਸੀ.ਈ.ਓ. ਅਮਨਦੀਪ ਕੌਰ ਅਤੇ ਡੀ.ਡੀ.ਪੀ.ਓ. ਮਹਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਬਲਾਕਾਂ ਨਾਭਾ, ਸਮਾਣਾ, ਰਾਜਪੁਰਾ, ਸਨੌਰ, ਪਾਤੜਾਂ, ਭੁਨਰਹੇੜੀ, ਘਨੌਰ, ਸ਼ੰਭੂ ਕਲਾਂ ਅਤੇ ਪਟਿਆਲਾ ਦੇ ਬੀ.ਡੀ.ਪੀ.ਓਜ਼ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਮੁਹਿੰਮ ਵਿਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸੋਸ਼ਲ ਸਟਾਫ਼ ਤੋਂ ਆਈ ਈ ਸੀ ਵੀਰਪਾਲ, ਸੀ ਡੀ ਐਸ ਸੀਮਾ ਸੋਹਲ, ਹਰਜਿੰਦਰ ਸਿੰਘ, ਅਨੁਰਾਧਾ ਅਤੇ ਬੀ ਆਰ ਸੀ ਮਲਕੀਤ ਸਿੰਘ ਵੀ ਸ਼ਾਮਲ ਸਨ। ਇਸ ਲਾਂਚ ਦੇ ਨਾਲ ਹੀ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ‘ਸਵੱਛਤਾ ਹੀ ਸੇਵਾ 2026’ ਤਹਿਤ ਗਤੀਵਿਧੀਆਂ ਦਾ ਆਗਾਜ਼ ਹੋ ਗਿਆ ਹੈ। ਇਹ ਮੁਹਿੰਮ 17 ਸਤੰਬਰ ਤੋਂ ਸ਼ੁਰੂ ਹੋ ਕੇ 2 ਅਕਤੂਬਰ (ਗਾਂਧੀ ਜਯੰਤੀ) ਤੱਕ ਨਿਰੰਤਰ ਜਾਰੀ ਰਹੇਗੀ। ਮੁਹਿੰਮ ਦਾ ਮੁੱਖ ਉਦੇਸ਼ ਪਿੰਡਾਂ ਵਿੱਚ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ, ਗ੍ਰਾਮ ਪੰਚਾਇਤਾਂ ਅਤੇ ਲੋਕਾਂ ਦੀ ਭਾਗੀਦਾਰੀ ਵਧਾਉਣਾ, ਪੇਂਡੂ ਕੂੜੇ ਦਾ ਸਹੀ ਨਿਪਟਾਰਾ ਅਤੇ ਜਨਤਕ ਜਾਗਰੂਕਤਾ ਪੈਦਾ ਕਰਨਾ ਹੈ। ਆਉਣ ਵਾਲੇ ਦਿਨਾਂ ਵਿੱਚ 2 ਅਕਤੂਬਰ ਤੱਕ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸਫ਼ਾਈ ਮੁਹਿੰਮਾਂ, ਜਾਗਰੂਕਤਾ ਰੈਲੀਆਂ ਅਤੇ ਗ੍ਰਾਮ ਸਭਾਵਾਂ ਦੇ ਸਹਿਯੋਗ ਨਾਲ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਣਗੇ ਤਾਂ ਜੋ ਪੂਰੇ ਪੇਂਡੂ ਪਟਿਆਲਾ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਸਿਹਤਮੰਦ ਬਣਾਇਆ ਜਾ ਸਕੇ।
