-ਪ੍ਰੇਮ ਸਬੰਧਾਂ ਕਾਰਨ ਚਾਚੇ ਦੀ ਕੁੜੀ ਦਾ ਕਤਲ ਕਰਕੇ ਆਤਮ ਹੱਤਿਆ ਦਾ ਡਰਾਮਾ ਕਰਨ ਵਾਲੇ ਨੇ ਕੀਤਾ ਸੀ ਸਨੌਰ ਇਲਾਕੇ ‘ਚ ਇੱਕ ਹੋਰ ਕਤਲ-ਐਸ.ਐਸ.ਪੀ.
ਪਟਿਆਲਾ, 29 ਅਕਤੂਬਰ: ਸੁਨੀਤਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਪੁਲਿਸ ਨੇ ਇੱਕ ਸਾਲ ਦੇ ਅਰਸੇ ਦੌਰਾਨ ਸਨੌਰ ਵਿਖੇ ਹੋਏ ਦੂਹਰੇ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾ ਕੇ ਦੋਸ਼ੀ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਜ਼ਿਲ੍ਹਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਆਪਣੇ ਚਾਚੇ ਦੀ ਕੁੜੀ ਦੇ ਪ੍ਰੇਮ ਸਬੰਧਾਂ ਤੋਂ ਦੁਖੀ ਗੁਰਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਬੋਲੜ ਕਲਾਂ ਨੇ ਆਪਣੀ ਚਚੇਰੀ ਭੈਣ ਦਾ ਕਤਲ ਕਰਕੇ ਆਤਮ ਹੱਤਿਆ ਦਾ ਡਰਾਮਾ ਕੀਤਾ ਅਤੇ ਮਗਰੋਂ ਇਸੇ ਮਹੀਨੇ ਦੇ ਸ਼ੁਰੂ ‘ਚ ਹੀ ਇੱਕ ਹੋਰ ਕਤਲ ਕਰ ਦਿੱਤਾ ਸੀ।
ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਭੁੱਲਰ ਨੇ ਦੱਸਿਆ ਕਿ ਮਿਤੀ 4 ਅਕਤੂਬਰ 2021 ਨੂੰ ਸਨੌਰ ਤੋਂ ਬੋਸਰ ਕਲਾਂ ਰਾਹ ਵਿੱਚ ਪੈਂਦੀ ਬੀੜ ‘ਚ ਵਰਿੰਦਰ ਸਿੰਘ ਬਾਣੀਆ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਬੋਸਰ ਕਲਾਂ ਦੇ ਕਤਲ ਸਮੇਤ ਕਰੀਬ ਇੱਕ ਸਾਲ ਪਹਿਲਾਂ 12 ਅਕਤੂਬਰ 2020 ਨੂੰ ਪਿੰਡ ਬੋਲੜ ਕਲਾਂ ਦੀ ਰਹਿਣ ਵਾਲੀ ਹਰਨੀਤ ਕੌਰ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ, ਐਸ.ਪੀ. ਜਾਂਚ ਡਾ. ਮਹਿਤਾਬ ਸਿੰਘ, ਡੀ.ਐਸ.ਪੀ. ਜਾਂਚ ਮੋਹਿਤ ਅਗਰਵਾਲ, ਡੀ.ਐਸ.ਪੀ. ਦਿਹਾਤੀ ਸੁਖਮਿੰਦਰ ਸਿੰਘ ਚੌਹਾਨ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਦੀ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਹੱਲ ਕੀਤਾ ਹੈ।
ਸ. ਭੁੱਲਰ ਨੇ ਦੱਸਿਆ ਕਿ ਮਿਤੀ 4 ਅਕਤੂਬਰ ਦੀ ਰਾਤ ਕਰੀਬ 9 ਵਜੇ ਵਰਿੰਦਰ ਸਿੰਘ ਆਪਣੀ ਪਤਨੀ ਸੁਖਵਿੰਦਰ ਕੌਰ ਨਾਲ ਇੰਡੀਕਾ ਕਾਰ ‘ਚ ਸਵਾਰ ਹੋ ਕੇ ਸਨੌਰ ਤੋਂ ਆਪਣੇ ਪਿੰਡ ਬੋਸਰ ਕਲਾਂ ਨੂੰ ਜਾ ਰਿਹਾ ਸੀ ਤਾਂ ਰਾਹ ‘ਚ ਪੈਂਦੀ ਬੀੜ ਵਿਚਕਾਰ ਇੱਕ ਮੋਟਰਸਾਇਕਲ ਸਵਾਰ ਵਿਅਕਤੀ ਨੇ ਇਸ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ। ਇਸ ਸਬੰਧੀ ਥਾਣਾ ਸਨੌਰ ਵਿਖੇ ਮੁਕਦਮਾ ਨੰਬਰ 134 ਮਿਤੀ 5 ਅਕਤੂਬਰ 2021 ਆਈ.ਪੀ.ਸੀ. ਦੀ ਧਾਰਾ 302, ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਦਰਜ ਰਜਿਸਟਰ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਇਸ ਕਤਲ ਦੀ ਤਫ਼ਤੀਸ਼ ਦੌਰਾਨ ਹੀ ਪੁਲਿਸ ਦੇ ਹੱਥ ਕੁੱਝ ਅਹਿਮ ਤੱਥ ਲੱਗੇ ਸਨ ਕਿ ਕਰੀਬ ਇੱਕ ਸਾਲ ਪਹਿਲਾਂ ਹਰਨੀਤ ਕੌਰ ਦਾ ਵੀ ਪਿੰਡ ਬੋਲੜ ਕਲਾਂ ਵਿਖੇ ਕਤਲ ਹੋਇਆ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 118, ਮਿਤੀ 20 ਅਕਤੂਬਰ 2020 ਆਈ.ਪੀ.ਸੀ. ਦੀ ਧਾਰਾ 302 ਤੇ ਅਸਲਾ ਐਕਟ ਦੀਆਂ ਧਾਰਾਵਾਂ 25,27,54,59 ਤਹਿਤ ਥਾਣਾ ਸਨੌਰ ਵਿਖੇ ਦਰਜ ਹੋਇਆ ਸੀ। ਇਹ ਕਤਲ ਮ੍ਰਿਤਕਾ ਦੇ ਚਾਚੇ ਦੇ ਪੁੱਤਰ, ਪਲੰਬਰ ਦਾ ਕੰਮ ਕਰਦੇ, 29 ਸਾਲਾ ਗੁਰਿੰਦਰ ਸਿੰਘ ਨੇ ਹੀ ਕੀਤਾ ਸੀ, ਜੋ ਕਿ ਕਰੀਬ ਇੱਕ ਸਾਲ ਤੋਂ ਗਾਇਬ ਚੱਲ ਰਿਹਾ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਗੁਰਿੰਦਰ ਸਿੰਘ ਨੇ ਇਹ ਕਤਲ ਹਰਨੀਤ ਕੌਰ ਦੇ ਸਹਿਜਪ੍ਰੀਤ ਸਿੰਘ ਉਰਫ ਲਾਲੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਧੂਹੜ ਪਾਤੜਾਂ, ਜੋ ਕਿ ਸਨੌਰ ਵਿਖੇ ਮੋਬਾਇਲਾਂ ਦੀ ਦੁਕਾਨ ਕਰਦੇ ਆਪਣੇ ਜੀਜੇ ਵਰਿੰਦਰ ਸਿਘ ਨਾਲ ਰਹਿੰਦਾ ਸੀ, ਦੇ ਨਾਲ ਪ੍ਰੇਮ ਸਬੰਧਾਂ ਕਰਕੇ ਕੀਤਾ ਸੀ। ਉਸਨੇ ਹਰਨੀਤ ਕੌਰ ਦਾ ਕਤਲ ਉਸਦੇ ਵਿਆਹ ਮਿਤੀ 28 ਅਕਤੂਬਰ 2020 ਤੋਂ ਪਹਿਲਾਂ ਕੀਤਾ ਸੀ। ਇਸ ਕਤਲ ਤੋਂ ਬਾਅਦ ਗੁਰਿੰਦਰ ਸਿੰਘ ਨੇ ਮਾਲੋਮਾਜਰਾ ਵਾਲੀ ਨਹਿਰ ‘ਤੇ ਜਾ ਕੇ ਆਤਮ ਹੱਤਿਆ ਕਰਨ ਦਾ ਝੂਠਾ ਡਰਾਮਾ ਕੀਤਾ ਅਤੇ ਝੂਠੇ ਸੂਸਾਈਡ ਨੋਟ ‘ਚ ਸਹਿਜਪ੍ਰੀਤ ਸਿੰਘ ਉਰਫ ਲਾਲੀ ਨਾਲ ਆਪਣੀ ਚਚੇਰੀ ਭੈਣ ਦੇ ਪ੍ਰੇਮ ਸਬੰਧਾਂ ਕਰਕੇ ਆਪਣੇ ਪਰਿਵਾਰ ਦੀ ਬਦਨਾਮੀ ਬਾਰੇ ਲਿਖਿਆ। ਇਸਦਾ ਮੋਟਰਸਾਈਕਲ ਅਤੇ ਸੂਸਾਈਡ ਨੋਟ 23 ਅਕਤੂਬਰ 2020 ਨੂੰ ਭਾਖੜਾ ਨਹਿਰ ਦੇ ਕੰਢੇ ਨੇੜੇ ਪਿੰਡ ਮਾਲੋਮਾਜਰਾ ਤੋਂ ਪੁਲਿਸ ਨੂੰ ਬਰਾਮਦ ਹੋਇਆ।
ਐਸ.ਐਸ.ਪੀ. ਨੇ ਦੱਸਿਆ ਕਿ ਗੁਰਿੰਦਰ ਸਿੰਘ ਨੇ ਇਹ ਸਾਰਾ ਡਰਾਮਾ ਲੋਕਾਂ ਅਤੇ ਪੁਲਿਸ ਦੇ ਅੱਖੀਂ ਘੱਟਾ ਪਾਉਣ ਲਈ ਆਪਣੇ ਮਰਨ ਦੀ ਕਹਾਣੀ ਰਚਣ ਲਈ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪਰੰਤੂ ਸੀ.ਆਈ.ਏ. ਪਟਿਆਲਾ ਦੀ ਟੀਮ ਵੱਲੋਂ ਡੂੰਘਾਈ ਨਾਲ ਕੀਤੀ ਪੜਤਾਲ ਤੋਂ ਇਹ ਗੱਲ ਪਤਾ ਲੱਗੀ ਕਿ ਗੁਰਿੰਦਰ ਸਿੰਘ ਜਿਊਂਦਾ ਹੈ, ਕਿਉਂਕਿ ਉਸਨੇ ਹਰਨੀਤ ਕੌਰ ਦਾ ਕਤਲ ਕਰਕੇ ਆਪਣੀ ਆਤਮਹੱਤਿਆ ਦਾ ਡਰਾਮਾ ਰਚ ਲਿਆ ਅਤੇ ਖ਼ੁਦ ਫਰਾਰ ਹੋ ਗਿਆ ਸੀ।
ਉਨ੍ਹਾਂ ਦੱਸਿਆ ਦੋਸ਼ੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਇੱਕ ਸਪੈਸ਼ਲ ਮੁਹਿੰਮ ਚਲਾਈ ਤੇ 28 ਅਕਤੂਬਰ 2021 ਨੂੰ ਇਸਨੂੰ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਨੇ ਦੇਵੀਗੜ ਪਟਿਆਲਾ ਰੋਡ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੀ ਗ੍ਰਿਫ਼ਤਾਰੀ ਬਾਅਦ ਪੁਲਿਸ ਵੱਲੋਂ ਕੀਤੀ ਜਾਂਚ ‘ਚ ਇਸ ਨੇ ਵਰਿੰਦਰ ਸਿੰਘ ਉਰਫ ਬਾਣੀਆ ਦਾ ਕਤਲ ਵੀ ਕਰਨਾ ਮੰਨਿਆ ਤੇ ਇਹ ਗੱਲ ਵੀ ਸਾਹਮਣੇ ਆਈ ਕਿ ਗੁਰਿੰਦਰ ਸਿੰਘ ਦੋ ਹੋਰ ਕਤਲ ਕਰਨ ਦੀ ਤਾਕ ਵਿੱਚ ਸੀ। ਇਸ ਤਰ÷ ਾਂ ਇਸ ਨੇ ਇੱਕ ਸਾਲ ਪਹਿਲਾਂ ਆਪਣੇ ਆਪ ਨੂੰ ਮਰਿਆ ਦਿਖਾ ਕੇ ਦੂਸਰਾ ਕਤਲ ਕੀਤਾ। ਉਨ੍ਹਾਂ ਦੱਸਿਆ ਕਿ ਵਰਿੰਦਰ ਸਿੰਘ ਉਰਫ ਬਾਣੀਆ ਸਹਿਜਪ੍ਰੀਤ ਸਿੰਘ ਤੇ ਹਰਨੀਤ ਕੌਰ ਦਾ ਵਿਆਹ ਕਰਾਉਣਾ ਚਾਹੁੰਦਾ ਸੀ ਜਿਸ ਕਰਕੇ ਗੁਰਿੰਦਰ ਸਿੰਘ ਦੀ ਵਰਿੰਦਰ ਸਿੰਘ ਤੇ ਸਹਿਜਪ੍ਰੀਤ ਸਿੰਘ ਨਾਲ ਰੰਜਿਸ਼ ਹੋ ਗਈ ਸੀ ਤੇ ਇਸ ਨੇ ਉਸਦਾ ਕਤਲ ਕੀਤਾ।
ਐਸ.ਐਸ.ਪੀ. ਨੇ ਦੱਸਿਆ ਕਿ ਗੁਰਿੰਦਰ ਸਿੰਘ ਦੀ ਗ੍ਰਿਫਤਾਰੀ ਸਮੇ 32 ਬੋਰ ਪਿਸਟਲ ਤੇ 2 ਮੈਗਜੀਨ ਤੇ 4 ਕਾਰਤੂਸ ਬ੍ਰਾਮਦ ਕੀਤੇ ਗਏ, ਜੋਕਿ ਇਸਨੇ ਆਪਣੀ ਸਾਥਣ ਪਹਿਲਾਂ ਵਿਆਹੀ, ਤੇ ਰਾਜਿੰਦਰਾ ਹਸਪਤਾਲ ‘ਚ ਸਫਾਈ ਸੇਵਕਾ ਵਜੋਂ ਕੰਮ ਕਰਦੀ 40 ਸਾਲਾ ਮਨਜੀਤ ਕੌਰ ਨਾਲ ਰਲਕੇ ਥਾਣਾ ਸਿਵਲ ਲਾਈਨ ਦੇ ਏਰੀਆ ‘ਚੋਂ, ਹਰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਜਗਦੀਸ਼ ਆਸ਼ਰਮ ਰੋਡ ਪਟਿਆਲਾ ਦੇ ਘਰੋਂ ਚੋਰੀ ਕੀਤਾ ਸੀ। ਇਹ ਮਨਜੀਤ ਕੌਰ ਉਕਤ ਘਰ ਵਿੱਚ ਕੰਮ ਕਰਦੀ ਸੀ। ਇਸ ਤੋਂ ਬਿਨ÷ ਾਂ ਗੁਰਿੰਦਰ ਸਿੰਘ ਦੀ ਪੁੱਛਗਿੱਛ ਤੇ ਅਹਿਮ ਖੁਲਾਸੇ ਹੋਏ ਜਿਸ ਦੌਰਾਨ 4 ਕੱਟੇ 415 ਬੋਰ ਤੇ 16 ਕਾਰਤੂਸ 315 ਬੋਰ ਪਿੰਡ ਸੁਨਿਆਰਹੇੜੀ ਸੂਏ ਦੀ ਪੁਲੀ ਤੋਂ ਬ੍ਰਾਮਦ ਹੋਏ।
ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਪਿਛਲੇ 14 ਦਿਨਾਂ ਵਿੱਚ ਬਹੁਤ ਹੀ ਅਹਿਮ 5 ਅੰਨ੍ਹੇ ਕਤਲਾਂ ਦੀ ਗੁੱਥੀ ਸੁਲਝਾਈ ਹੈ, ਇਨ੍ਹਾਂ ‘ਚ ਭਾਦਸੋਂ ਕਤਲ ਕੇਸ, ਅਰਬਨ ਅਸਟੇਟ ਪਟਿਆਲਾ ਵਿਖੇ ਦੂਹਰਾ ਕਤਲ ਕੇਸ ਤੇ ਇਹ ਦੋਵੇਂ ਮੌਜੂਦਾ ਦੋ ਕੇਸ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਾਮਲਿਆਂ ਨੂੰ ਹੱਲ ਕਰਨ ਵਾਲੀ ਪੁਲਿਸ ਟੀਮ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰਿੰਦਰ ਸਿੰਘ ਦੀ ਗ੍ਰਿਫ਼ਤਾਰੀ ਨਾਲ ਦੋ ਕਤਲਾਂ ਦੇ ਮਾਮਲਿਆਂ ਸਮੇਤ ਪਿਸਤੌਲ ਚੋਰੀ ਤੇ ਪਿਸਤੌਲ ਤੇ ਕਾਰਤੂਸ ਬਰਾਮਦਗੀ ਦੇ ਕੁਲ 4 ਪੁਲਿਸ ਕੇਸ, ਹੱਲ ਹੋ ਗਏ ਹਨ।