-ਯੋਗਤਾ ਮਿਤੀ 1 ਜਨਵਰੀ 2022 ਦੇ ਆਧਾਰ ‘ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਦਾ ਕੰਮ ਮਿਤੀ 1 ਨਵੰਬਰ ਤੋਂ ਜਾਰੀ-ਜ਼ਿਲ੍ਹਾ ਚੋਣ ਅਫ਼ਸਰ
-ਹਰ ਯੋਗ ਨਾਗਰਿਕ ਦੀ ਵੋਟ ਬਣਾਉਣ ਲਈ ਵੋਟਰ ਜਾਗਰੂਕਤਾ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਸਿਆਸੀ ਪਾਰਟੀਆਂ-ਡਿਪਟੀ ਕਮਿਸ਼ਨਰ
ਪਟਿਆਲਾ, 18 ਨਵੰਬਰ : ਸੁਨੀਤਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਹੈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2022 ਦੇ ਆਧਾਰ ‘ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਦਾ ਕੰਮ ਮਿਤੀ 1 ਨਵੰਬਰ 2021 ਤੋਂ ਲਗਾਤਾਰ ਚੱਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕਾਰਜਕ੍ਰਮ ਅਨੁਸਾਰ 1 ਨਵੰਬਰ ਤੋਂ 30 ਨਵੰਬਰ 2021 ਤੱਕ ਦਾਅਵੇ ਤੇ ਇਤਰਾਜ ਪ੍ਰਾਪਤ ਕੀਤੇ ਜਾਣੇ ਹਨ।ਇਸ ਸਮੇਂ ਦੌਰਾਨ ਆਮ ਜਨਤਾ ਦੀ ਸੁਵਿਧਾ ਲਈ ਮਿਤੀ 20 ਨਵੰਬਰ ਦਿਨ ਸ਼ਨੀਵਾਰ ਤੇ 21 ਨਵੰਬਰ ਐਤਵਾਰ ਨੂੰ ਜ਼ਿਲ੍ਹਾ ਪਟਿਆਲਾ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿਚ ਪੈਂਦੇ ਪੋਲਿੰਗ ਬੂਥਾਂ ‘ਤੇ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਆਮ ਜਨਤਾ ਨੂੰ ਸੂਚਿਤ ਕੀਤਾ ਕਿ ਜ਼ਿਲ੍ਹੇ ਦੇ 8 ਵਿਧਾਨ ਸਭਾ ਚੋਣ ਹਲਕਿਆਂ 109-ਨਾਭਾ, 110 ਪਟਿਆਲਾ ਦਿਹਾਤੀ, 111 ਰਾਜਪੁਰਾ, 113-ਘਨੌਰ, 114-ਸਨੌਰ, 115-ਪਟਿਆਲਾ, 116-ਸਮਾਣਾ ਅਤੇ 117-ਸ਼ੁਤਰਾਣਾ ਵਿਚ ਸਾਰੇ ਪੋਲਿੰਗ ਬੂਥਾਂ ਨਾਲ ਸਬੰਧਤ ਬੀ.ਐਲ.ਓਜ ਵੱਲੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ ਆਪਣੇ ਪੋਲਿੰਗ ਬੂਥ ‘ਤੇ ਬੈਠ ਕੇ ਆਮ ਜਨਤਾ ਪਾਸੋਂ ਫਾਰਮ ਨੰਬਰ 6,7,8, ਤੇ 8 ਓ ਪ੍ਰਾਪਤ ਕੀਤੇ ਜਾਣਗੇ।ਇਸ ਲਈ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜ਼ਿਨ੍ਹਾਂ ਵਿਅਕਤੀਆਂ ਦੀ ਉਮਰ ਮਿਤੀ 1 ਜਨਵਰੀ 2022 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇ ਜਾਂ ਕਿਸੇ ਹੋਰ ਇਲਾਕੇ ਤੋਂ ਸ਼ਿਫਟ ਹੋ ਕੇ ਆਇਆ ਹੈ ਜਾਂ ਕਿਸੇ ਵੋਟਰ ਦੀ ਉਸਦੇ ਸਬੰਧਤ ਬੂਥ ਵਿਚ ਭਾਵ ਜਿੱਥੇ ਉਸਦੀ ਰਿਹਾਇਸ਼ ਹੈ, ਵਿਚ ਉਸਦੀ ਵੋਟ ਨਹੀਂ ਬਣੀ ਹੋਈ ਤਾਂ ਉਹ ਇਸ ਸਪੈਸ਼ਲ ਕੈਂਪ ਵਿਚ ਆ ਕੇ ਆਪਣੀ ਨਵੀਂ ਵੋਟ ਬਣਾਉਣ ਲਈ ਨਿਰਧਾਰਤ ਫਾਰਮ ਨੰਬਰ 6 ਭਰਕੇ ਆਪਣੇ ਬੂਥ ਦੇ ਬੀ.ਐਲ.ਓ ਨੂੰ ਦੇ ਸਕਦਾ ਹੈ।
ਸ੍ਰੀ ਸੰਦੀਪ ਹੰਸ ਨੇ ਅੱਗੇ ਦੱਸਿਆ ਕਿ ਫਾਰਮ ਨੰਬਰ 6 ਨਾਲ ਬਿਨੈਕਾਰ ਵੱਲੋਂ ਆਪਣੀਆਂ 2 ਪਾਸਪੋਰਟ ਸਾਈਜ਼ ਦੀਆਂ ਤਾਜ਼ਾ ਫੋਟੋਆਂ, ਰਿਹਾਇਸ਼ ਦਾ ਪਰੂਫ ਅਤੇ ਜਨਮ ਮਿਤੀ ਦਾ ਸਬੂਤ ਫਾਰਮ ਨਾਲ ਲਾਜ਼ਮੀ ਤੌਰ ‘ਤੇ ਲਗਾਇਆ ਜਾਵੇ। ਉਨ੍ਹਾਂ ਹੋਰ ਕਿਹਾ ਕਿ ਵੋਟਰ ਸੂਚੀ ਵਿਚ ਵੋਟਰਾਂ ਦੇ ਗ਼ਲਤ ਦਰਜ ਵੇਰਵੇ ਜਿਵੇਂ ਕਿ ਨਾਮ, ਉਮਰ, ਪਿਤਾ ਦਾ ਨਾਂ, ਲਿੰਗ ਆਦਿ ਨੂੰ ਦਰੁਸਤ ਕਰਨ ਲਈ ਫਾਰਮ ਨੰਬਰ 8 ਮਰ ਚੁੱਕੇ/ ਸ਼ਿਫਟ ਹੋ ਚੁੱਕੇ ਵੋਟਰਾਂ ਲਈ ਫਾਰਮ ਨੰਬਰ 7 ਅਤੇ ਜਿਹਨਾਂ ਵੋਟਰਾਂ ਦਾ ਪਤਾ ਜਿਵੇਂ ਕਿ ਮਕਾਨ, ਗਲੀ, ਮੁਹੱਲਾ ਆਦਿ ਗਲਤ ਦਰਜ ਹਨ, ਨੂੰ ਦਰੁਸਤ ਕਰਨ ਲਈ ਫਾਰਮ ਨੰਬਰ 8 ਓ ਵਿਚ ਅਪਲਾਈ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਕਿਹਾ ਕਿ ਬਿਨੈਕਾਰ/ ਦਾਅਵੇਦਾਰ/ ਇਤਰਾਜਕਰਤਾ ਮਿਤੀ 30 ਨਵੰਬਰ 2021 ਤੱਕ ਆਪਣੇ ਏਰੀਏ ਦੇ ਪੋਲਿੰਗ ਬੂਥ ਦੇ ਬੀ.ਐਲ.ਓ ਜਾ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਜਾਂ ਜ਼ਿਲਾ ਚੋਣ ਦਫਤਰ ਵਿਚ ਆ ਕੇ ਵੀ ਫਾਰਮ ਭਰਕੇੇ ਦੇ ਸਕਦਾ ਹੈ। ਇਸ ਤੋਂ ਇਲਾਵਾ ਨੈਸ਼ਨਲ ਵੋਟਰ ਸਰਵਿਸ ਪੋਰਟਲ www.nvsp.in ਜਾਂ ਵੋਟਰ ਹੈਲਪਲਾਈਨ ਮੋਬਾਇਲ ਐਪ ‘ਤੇ ਆਨ ਲਾਈਨ ਵੀ ਅਪਲਾਈ ਕੀਤਾ ਜਾ ਸਕਦਾ ਹੈ।
ਜਿਲ੍ਹਾ ਚੋਣ ਅਫ਼ਸਰ ਨੇ ਇਸ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਅੰਦਰ ਸਮੂਹ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਯੋਗਤਾ ਮਿਤੀ 1 ਜਨਵਰੀ 2022 ਦੇ ਅਧਾਰ ‘ਤੇ ਫੋਟੋ ਵੋਟਰ ਸੂਚੀਆਂ ਦੀ ਕੀਤੀ ਜਾ ਰਹੀ ਸੁਧਾਈ ਦੌਰਾਨ ਮਿਤੀ 20 ਨਵੰਬਰ ਦਿਨ ਸ਼ਨੀਵਾਰ ਤੇ 21 ਨਵੰਬਰ ਐਤਵਾਰ ਨੂੰ ਬੀ.ਐਲ.ਓਜ਼ ਵੱਲੋਂ ਵਿਸ਼ੇਸ਼ ਤੌਰ ‘ਤੇ ਲਗਾਏ ਜਾਣ ਵਾਲੇ ਵੋਟਰ ਰਜਿਸਟਰੇਸ਼ਨ ਕੈਂਪਾਂ ਸਬੰਧੀ ਆਪਣੇ ਪੱਧਰ ‘ਤੇ ਵੋਟਰ ਜਾਗਰੂਕਤਾ ਕਰਨ ਦੀ ਕਾਰਵਾਈ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਅਹਿਮ ਕੰਮ ਵਿਚ ਸਹਿਯੋਗ ਕਰਨ ਤਾਂ ਜ਼ੋ ਕੋਈ ਵੀ ਯੋਗ ਵਿਅਕਤੀ ਆਪਣੀ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹਿ ਜਾਵੇ ।