-ਮੁੱਖ ਮੰਤਰੀ ਅਹੁਦੇ ‘ਤੇ ਜਾਖੜ ਦਾ ਵੱਡਾ ਬਿਆਨ, ਕਿਹਾ ‘ਮੇਰੇ ਨਾਲ ਸੀ ਵਿਧਾਇਕਾਂ ਦਾ ਬਹੁਮਤ’
ਚੰਡੀਗੜ੍ਹ, 2 ਫਰਵਰੀ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਦਾਅਵਾ ਸਾਹਣੇ ਆਇਆ ਹੈ। ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਮੈਂ ਸੀ.ਐੱਮ. ਦੇ ਅਹੁਦੇ ਲਈ ਵਿਧਾਇਕਾਂ ਦੀ ਪਹਿਲੀ ਪਸੰਦ ਸੀ। ਉਹਨਾਂ ਕਿਹਾ ਕਿ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਵੋਟਿੰਗ ਕਰਵਾਈ ਸੀ। ਜਿਸ ਵਿੱਚ 79 ਵਿਧਾਇਕਾਂ ਵਿਚੋਂ 42 ਵਿਧਾਇਕਾਂ ਨੇ ਮੇਰੇ ਹੱਕ ‘ਚ ਵੋਟਿੰਗ ਕੀਤੀ ਸੀ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ 6 ਤੇ ਚਰਨਜੀਤ ਸਿੰਘ ਚੰਨੀ ਨੂੰ ਸਿਰਫ਼ 2 ਵਿਧਾਇਕਾਂ ਦਾ ਹੀ ਸਾਥ ਮਿਲਿਆ ਸੀ। ਜਦਕਿ ਸੁਖਜਿੰਦਰ ਰੰਧਾਵਾ ਨੂੰ 16 ਵੋਟਾਂ, ਮਹਾਰਾਣੀ ਪਰਨੀਤ ਕੋਰ ਨੂੰ 12 ਵੋਟਾਂ ਪਈਆਂ ਸਨ। ਇਸਦੇ ਬਾਵਜੂਦ ਚੰਨੀ ਮੁੱਖ ਮੰਤਰੀ ਬਣ ਗਏ। ਇਹ ਗੱਲ ਸੁਨੀਲ ਜਾਖੜ ਨੇ ਚੋਣ ਪ੍ਰਚਾਰ ਦੌਰਾਨ ਆਖੀ। ਪੰਜਾਬ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨ ਕਰਨ ਤੋਂ ਪਹਿਲਾਂ ਜਾਖੜ ਦੇ ਇਸ ਬਿਆਨ ਨੇ ਹਲਚਲ ਪੈਦਾ ਕਰ ਦਿੱਤੀ ਹੈ।