newslineexpres

Breaking News
🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ 🚩 ਨਕਾਬਪੋਸ਼ ਦੋ ਨੌਜਵਾਨਾਂ ਨੇ ਇਮੀਗ੍ਰੇਸ਼ਨ ਤੇ ਆਈਲੈਟਸ ਕੋਚਿੰਗ ਸੈਂਟਰ ‘ਚ ਚਲਾਈ ਗੋਲੀ ; 6 ਕਰੋੜ ਦੀ ਮੰਗੀ ਫਿਰੌਤੀ 🚩 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਏਐਸਆਈ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ 🚩 ED ਵਲੋਂ ਸਾਬਕਾ IAS ਦੇ ਘਰ ਛਾਪੇਮਾਰੀ, ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ
Home Chandigarh CM ਦਰਿਆਵਾਂ ਤੇ ਡਰੇਨਾਂ ਦੀ ਸਫ਼ਾਈ ਲਈ ਰਾਜ ਵਿਆਪੀ ਮੁਹਿੰਮ ਵਿੱਢਣ ਦਾ ਐਲਾਨ

CM ਦਰਿਆਵਾਂ ਤੇ ਡਰੇਨਾਂ ਦੀ ਸਫ਼ਾਈ ਲਈ ਰਾਜ ਵਿਆਪੀ ਮੁਹਿੰਮ ਵਿੱਢਣ ਦਾ ਐਲਾਨ

by Newslineexpres@1

ਮੁੱਖ ਮੰਤਰੀ ਵੱਲੋਂ ਦਰਿਆਵਾਂ ਤੇ ਡਰੇਨਾਂ ਦੀ ਸਫ਼ਾਈ ਲਈ ਰਾਜ ਵਿਆਪੀ ਮੁਹਿੰਮ ਵਿੱਢਣ ਦਾ ਐਲਾਨ

-ਇਸ ਜਨਤਕ ਲਹਿਰ ਲਈ ਲੋਕਾਂ ਤੋਂ ਸਹਿਯੋਗ ਮੰਗਿਆ

-ਸੂਬੇ ਦੇ ਅਸਾਸਿਆਂ ਦੀ ਬੇਰਹਿਮੀ ਨਾਲ ਕੀਤੀ ਲੁੱਟ ਲਈ ਪਿਛਲੀਆਂ ਸਰਕਾਰਾਂ ਦੀ ਕੀਤੀ ਆਲੋਚਨਾ

-ਕਿਹਾ ਮੇਰੀ ਸਰਕਾਰ ਨੇ ਜਨਤਕ ਪੈਸੇ ਦੀ ਚੋਰੀ ਨੂੰ ਨੱਥ ਪਾਈ

-ਕਾਲੀ ਵੇਈਂ ਦੀ ਸਾਫ਼-ਸਫ਼ਾਈ ਦੀ 22ਵੀਂ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਵਿੱਚ ਕੀਤੀ ਸ਼ਮੂਲੀਅਤ, ਭਗਵੰਤ ਮਾਨ ਨੇ ਵੇਈਂ ਦਾ ਪਾਣੀ ਪੀਤਾ ਅਤੇ ਕਿਨਾਰੇ ਉਤੇ ਪੌਦੇ ਲਗਾਏ

ਸੁਲਤਾਨਪੁਰ ਲੋਧੀ (ਕਪੂਰਥਲਾ), 17 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਰ ਦੇ ਦਰਿਆਵਾਂ ਤੇ ਡਰੇਨਾਂ ਦੀ ਸਫ਼ਾਈ ਲਈ ਰਾਜ ਪੱਧਰੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਵਿੱਤਰ ਕਾਲੀ ਵੇਈਂ ਦੀ ਸਾਫ਼-ਸਫ਼ਾਈ ਦੀ 22ਵੀਂ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ ਤੇ ਸੰਤਾਂ ਦੀ ਪਵਿੱਤਰ ਧਰਤੀ ਹੈ, ਜਿਨ੍ਹਾਂ ਸਾਨੂੰ ਵਾਤਾਵਰਨ ਦੀ ਸੰਭਾਲ ਦਾ ਰਾਹ ਦਿਖਾਇਆ। ਉਨ੍ਹਾਂ ਕਿਹਾ ਕਿ ਗੁਰੂਆਂ ਦੇ ਦਰਸਾਏ ਮਾਰਗ ਉਤੇ ਚੱਲਦਿਆਂ ਸੂਬਾ ਸਰਕਾਰ ਜਲਦੀ ਹੀ ਪੰਜਾਬ ਦੇ ਕੁਦਰਤੀ ਸਰੋਤਾਂ ਦਰਿਆਵਾਂ ਤੇ ਡਰੇਨਾਂ ਦੀ ਸਾਫ਼-ਸਫ਼ਾਈ ਲਈ ਵਿਆਪਕ ਮੁਹਿੰਮ ਸ਼ੁਰੂ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਇਸ ਮਹਾਨ ਕਾਰਜ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਪਰ ਉਨ੍ਹਾਂ ਇਸ ਮੁਹਿੰਮ ਨੂੰ ਜਨਤਕ ਲਹਿਰ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹਰਿਆਲੀ ਵਧਾਉਣ ਲਈ ਪੰਜਾਬ ਸਰਕਾਰ ਸ਼ਿੱਦਤ ਨਾਲ ਕੋਸ਼ਿਸ਼ਾਂ ਕਰ ਰਹੀ ਹੈ, ਜਿਸ ਲਈ ਸ਼ਹੀਦ ਭਗਤ ਸਿੰਘ ਹਰਿਆਲੀ ਲਹਿਰ ਸ਼ੁਰੂ ਕੀਤੀ ਗਈ ਹੈ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਕਰਨ ਲਈ ਇਸ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ।

ਗੁਰਬਾਣੀ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਰਾਹੀਂ ਗੁਰੂ ਸਾਹਿਬਾਨ ਨੇ ਹਵਾ ਨੂੰ ਗੁਰੂ (ਅਧਿਆਪਕ), ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ ਪਰ ਬਦਕਿਸਮਤੀ ਨਾਲ ਅਸੀਂ ਗੁਰੂ ਸਾਹਿਬਾਨ ਦੇ ਆਸ਼ੇ ਮੁਤਾਬਕ ਨਹੀਂ ਚੱਲ ਰਹੇ ਅਤੇ ਅਸੀਂ ਇਨ੍ਹਾਂ ਤਿੰਨਾਂ ਨੂੰ ਹੀ ਪਲੀਤ ਕਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਸਾਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦੀ ਬੇਹੱਦ ਲੋੜ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਸਾਨੂੰ ਰੁੱਖਾਂ ਦੇ ਮਹੱਤਵ ਦਾ ਪਾਠ ਪੜ੍ਹਾਇਆ ਕਿਉਂਕਿ ਲੋਕਾਂ ਨੂੰ ਆਕਸੀਜਨ ਸਿਲੰਡਰਾਂ ਦੀ ਸ਼ਕਲ ਵਿੱਚ ਮਸਨੂਈ ਸਾਹ ਲੈਣ ਲਈ ਮੋਟੀ ਰਕਮ ਖਰਚਣੀ ਪਈ, ਜਦੋਂ ਕਿ ਰੁੱਖ ਸਾਡੇ ਲਈ ਆਕਸੀਜਨ ਦਾ ਕੁਦਰਤੀ ਸਰੋਤ ਹਨ। ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਾਉਣ ਉਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਤਾਂ ਜੋ ਹਰਿਆਲੀ ਵਧਾਈ ਜਾ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਨੂੰ ਬਚਾਇਆ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਤਹੀ ਜਲ ਦੀ ਵਿਵੇਕਸ਼ੀਲ ਵਰਤੋਂ ਯਕੀਨੀ ਬਣਾ ਰਹੀ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਉਤੇ ਦਬਾਅ ਘਟਾ ਕੇ ਤੇਜ਼ੀ ਨਾਲ ਡਿੱਗਦੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਾਲ ਸੂਬਾ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਉਤੇ ਮਾਲੀ ਮਦਦ ਦਾ ਐਲਾਨ ਕੀਤਾ, ਜਿਸ ਕਾਰਨ ਸੂਬੇ ਭਰ ਵਿੱਚ 20 ਲੱਖ ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਨੇ ਇਕ ਹੋਰ ਕੋਸ਼ਿਸ਼ ਤਹਿਤ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਤੋੜਨ ਤੇ ਪਾਣੀ ਬਚਾਉਣ ਲਈ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਵਾਸਤੇ ਮੂੰਗੀ ਉਤੇ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਬਰਤਾਨਵੀ ਰਾਜ ਤੋਂ ਵੀ ਜ਼ਿਆਦਾ ਸੂਬੇ ਦੇ ਅਸਾਸਿਆਂ ਦੀ ਲੁੱਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਆਪਣੇ ਸਵਾਰਥਾਂ ਲਈ ਗੈਰ-ਕਾਨੂੰਨੀ ਤਰੀਕੇ ਰਾਹੀਂ ਪੈਸਾ ਬਣਾਇਆ ਅਤੇ ਲੋਕਾਂ ਦੀ ਭਲਾਈ ਨੂੰ ਦਰਕਿਨਾਰ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਵੱਲੋਂ ਜਨਤਕ ਪੈਸੇ ਦੀ ਖੁੱਲ੍ਹੀ ਲੁੱਟ ਨਾਲ ਸੂਬੇ ਦਾ ਵਿਕਾਸ ਲੀਹ ਤੋਂ ਲਹਿ ਗਿਆ ਅਤੇ ਇਸ ਨਾਲ ਲੋਕ ਗਰੀਬੀ ਦੇ ਘੋਰ ਚੱਕਰ ਵਿੱਚ ਧੱਕੇ ਗਏ।

ਲੋਕਾਂ ਦੇ ਪੈਸੇ ਦੀ ਲੁੱਟ ਰੋਕਣ ਲਈ ਸਰਕਾਰ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਦੇ ਪੈਸੇ ਦੀ ਖੁੱਲ੍ਹੀ ਲੁੱਟ ਰੋਕਣ ਲਈ ਭ੍ਰਿਸ਼ਟਾਚਾਰ ਵਿਰੁੱਧ ਜੰਗ ਵਿੱਢੀ ਹੋਈ ਹੈ ਅਤੇ ਕਰ-ਦਾਤਾਵਾਂ ਦਾ ਪੈਸਾ ਹੁਣ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਵਿਕਾਸ `ਤੇ ਖ਼ਰਚ ਹੋ ਰਿਹਾ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੇਈਂ ਕੰਢੇ ਪੌਦਾ ਵੀ ਲਗਾਇਆ। ਉਨ੍ਹਾਂ ਵੇਈਂ ਦਾ ਪਾਣੀ ਵੀ ਪੀਤਾ ਤੇ ਕਿਹਾ ਕਿ ਉਹ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ। ਇਸ ਦੌਰਾਨ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ, ਵਿਧਾਇਕ ਬਲਕਾਰ ਸਿੰਘ, ਰਮਨ ਅਰੋੜਾ, ਸ਼ੀਤਲ ਅੰਗੂਰਾਲ ਅਤੇ ਇੰਦਰਜੀਤ ਕੌਰ ਮਾਨ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ ਹੋਰ ਵੀ ਮੌਜੂਦ ਰਹੇ।

Related Articles

Leave a Comment