ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਵੱਲੋਂ ਕਈ ਪਾਬੰਦੀਆਂ ਦੇ ਹੁਕਮ ਜਾਰੀ; ਪੜ੍ਹੋ ਕਿਹੜੀਆਂ ਪਾਬੰਦੀਆਂ
ਜ਼ਿਲ੍ਹੇ ‘ਚ 5 ਜਾਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ, ਮੀਟਿੰਗਾਂ ਕਰਨ, ਨਾਅਰੇ ਲਾਉਣ, ਵਿਖਾਵਾ ਕਰਨ ‘ਤੇ ਪਾਬੰਦੀ….
ਪਟਿਆਲਾ, 7 ਅਗਸਤ : ਸੁਨੀਤਾ/ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀਆਂ ਹੱਦਾਂ ਅੰਦਰ ਕਿਸੇ ਕਿਸਮ ਦੇ ਵਿਖਾਵੇ/ਰੋਸ ਧਰਨੇ ਤੇ ਰੈਲੀਆਂ ਕਰਨ, ਮੀਟਿੰਗਾਂ ਕਰਨ, ਨਾਅਰੇ ਲਗਾਉਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਸ ਨਾਲ ਜਨਤਕ ਸ਼ਾਂਤੀ ਭੰਗ ਹੋਣ, ਸਰਕਾਰੀ ਅਤੇ ਗੈਰ ਸਰਕਾਰੀ ਜਾਇਦਾਦਾਂ ਦੇ ਨੁਕਸਾਨ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ 4 ਅਕਤੂਬਰ 2022 ਤੱਕ ਲਾਗੂ ਕੀਤੇ ਗਏ ਇਹ ਹੁਕਮ ਸੁਰੱਖਿਆ ਅਮਲੇ, ਡਿਊਟੀ ‘ਤੇ ਤਾਇਨਾਤ ਪੁਲਿਸ ਅਮਲੇ ਅਤੇ ਸਰਕਾਰੀ ਪ੍ਰੋਗਰਾਮਾਂ, ਵਿਆਹ ਸ਼ਾਦੀਆਂ ਅਤੇ ਮਾਤਮੀ ਸਮਾਰੋਹਾਂ ਦੇ ਇਕੱਠ ‘ਤੇ ਲਾਗੂ ਨਹੀਂ ਹੋਣਗੇ।
ਜ਼ਿਲ੍ਹੇ ਅੰਦਰ ਵੱਖ-ਵੱਖ ਤਰ੍ਹਾਂ ਦੇ ਸੰਗੀਤਕ ਯੰਤਰਾਂ ਅਤੇ ਪਟਾਕਿਆਂ ਦੀ ਵਰਤੋਂ ਨਾਲ ਆਵਾਜ਼ੀ ਪ੍ਰਦੂਸ਼ਣ ਫੈਲਾਉਣ ‘ਤੇ ਪਾਬੰਦੀ…
ਪਟਿਆਲਾ ਜ਼ਿਲ੍ਹੇ ਦੀਆਂ ਹੱਦਾਂ ਅੰਦਰ ਵੱਖ-ਵੱਖ ਤਰ੍ਹਾਂ ਦੇ ਸੰਗੀਤਕ ਯੰਤਰਾਂ ਅਤੇ ਪਟਾਕਿਆਂ ਦੀ ਵਰਤੋਂ ਨਾਲ ਆਵਾਜ਼ੀ ਪ੍ਰਦੂਸ਼ਣ ਫੈਲਾਉਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ਜੋ 4 ਅਕਤੂਬਰ 2022 ਤੱਕ ਲਾਗੂ ਰਹਿਣਗੇ। ਹੁਕਮਾਂ ਅਨੁਸਾਰ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਜਥੇਬੰਦੀਆਂ ਦੇ ਆਗੂਆਂ ਤੇ ਅਹੁਦੇਦਾਰਾਂ ਵੱਲੋਂ ਕੀਤੇ ਜਾਣ ਵਾਲੇ ਜਲਸਿਆਂ, ਰੈਲੀਆਂ, ਰੋਸ ਧਰਨੇ ਆਦਿ ਮੌਕੇ ‘ਤੇ ਅਤੇ ਕਿਸੇ ਵੀ ਐਨ.ਜੀ.ਓਜ਼, ਪ੍ਰਾਈਵੇਟ, ਸਮਾਜਿਕ, ਧਾਰਮਿਕ, ਵਪਾਰਕ ਸੰਸਥਾਵਾਂ/ਅਦਾਰਿਆਂ ਆਦਿ ਦੇ ਪ੍ਰਬੰਧਕਾਂ/ਅਹੁਦੇਦਾਰਾਂ ਵੱਲੋਂ ਵੱਖ-ਵੱਖ ਪ੍ਰੋਗਰਾਮ, ਸਮਾਗਮ ਆਦਿ ਮੌਕੇ ਕਿਸੇ ਵੀ ਇਮਾਰਤ, ਜਨਤਕ ਸਥਾਨਾਂ, ਖੁੱਲੇ ਸਥਾਨਾਂ, ਪੰਡਾਲਾਂ ਵਿੱਚ ਲਾਊਡ ਸਪੀਕਰ ਆਦਿ ਦੀ ਵਰਤੋਂ ਲਈ ਕਿਸੇ ਵੱਲੋਂ ਵੀ ਵਿਆਹ ਸ਼ਾਦੀਆਂ, ਖੁਸ਼ੀ ਦੇ ਮੌਕਿਆਂ ਅਤੇ ਵੱਖ-ਵੱਖ ਮੌਕਿਆਂ ਆਦਿ ‘ਤੇ ਮੈਰਿਜ ਪੈਲਸਾਂ, ਕਲੱਬਾਂ, ਹੋਟਲਾਂ ਅਤੇ ਖੁੱਲੇ ਸਥਾਨ ਆਦਿ ਵਿੱਚ ਡੀ.ਜੇ. ਆਰਕੈਸਟਰਾ , ਸੰਗੀਤਕ ਯੰਤਰ ਆਦਿ ਸਬੰਧਤ ਉਪ ਮੰਡਲ ਮੈਜਿਸਟਰੇਟ ਕੋਲੋਂ ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ ਨੁਆਇਸ) ਐਕਟ, 1956 ਵਿੱਚ ਦਰਜ ਸ਼ਰਤਾਂ ਸਹਿਤ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਏ ਜਾਣਗੇ। ਲਾਊਡ ਸਪੀਕਰ ਅਤੇ ਕਿਸੇ ਵੀ ਹੋਰ ਸੰਗੀਤਕ/ਆਵਾਜ਼ੀ ਯੰਤਰ ਆਦਿ ਚਲਾਉਣ ਦੀ ਪ੍ਰਵਾਨਗੀ ਲੈਣ ਦੇ ਬਾਵਜੂਦ ਵੀ ਰਾਤ 10:00 ਵਜੇ ਤੋਂ ਸਵੇਰੇ 6:00 ਵਜੇ ਤੱਕ ਉਕਤ ਕਿਸੇ ਵੀ ਆਵਾਜ਼ੀ ਅਤੇ ਸੰਗੀਤਕ ਯੰਤਰਾਂ ਆਦਿ ਦੇ ਕਿਸੇ ਵੀ ਇਮਾਰਤ ਅਤੇ ਸਥਾਨ ਵਿੱਚ ਚਲਾਉਣ/ਵਜਾਉਣ ‘ਤੇ ਮੁਕੰਮਲ ਪਾਬੰਦੀ ਹੋਵੇਗੀ।
ਗੱਡੀਆਂ ‘ਤੇ ਬੱਤੀ ਅਤੇ ਕਾਲੀ ਫਿਲਮ ਲਗਾਉਣ ਸਬੰਧੀ ਪਾਬੰਦੀ ਦੇ ਹੁਕਮ ਜਾਰੀ….
ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਵਧੀਕ ਡਾਇਰੈਕਟਰ ਜਨਰਲ ਪੁਲਿਸ, ਟਰੈਫਿਕ, ਪੰਜਾਬ, ਚੰਡੀਗੜ੍ਹ ਤੋਂ ਅਗੇਤੀ ਪ੍ਰਵਾਨਗੀ ਲਏ ਬਿਨਾਂ ਗੱਡੀਆਂ ‘ਤੇ ਲਾਲ, ਨੀਲੀ, ਪੀਲੀ ਬੱਤੀ ਅਤੇ ਸ਼ੀਸ਼ਿਆਂ ‘ਤੇ ਕਾਲੀ ਫਿਲਮ ਲਗਾਉਣ ‘ਤੇ ਪਾਬੰਦੀ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਕਿਸੇ ਵੀ ਦੁਕਾਨਦਾਰ ਵੱਲੋਂ ਜੇਕਰ ਕਾਲੀ ਫਿਲਮ, ਨੀਲੀ ਬੱਤੀ, ਲਾਲ ਬੱਤੀ ਅਤੇ ਅੰਬਰ ਬੱਤੀਆਂ ਵੇਚੀਆਂ ਜਾਂਦੀਆਂ ਹਨ ਅਤੇ ਗੱਡੀ ਦੇ ਸ਼ੀਸ਼ਿਆਂ ‘ਤੇ ਕਾਲੀ ਫਿਲਮ ਲਗਾਈ ਜਾਂਦੀ ਹੈ, ਉਸ ਸਬੰਧੀ ਵੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 4 ਅਕਤੂਬਰ 2022 ਤੱਕ ਲਾਗੂ ਰਹਿਣਗੇ।
ਸ਼ਾਮ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ-ਢੁਆਈ ‘ਤੇ ਪਾਬੰਦੀ ਦੇ ਹੁਕਮ ਜਾਰੀ….
ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ-ਢੁਆਈ ‘ਤੇ ਪੂਰਨ ਪਾਬੰਦੀ ਲਗਾਈ ਹੈ ਅਤੇ ਜਿਨ੍ਹਾਂ ਲੋਕਾਂ ਨੇ ਗਊ ਵੰਸ਼ ਰੱਖੇ ਹੋਏ ਹਨ ਉਨ੍ਹਾਂ ਨੂੰ ਪਸ਼ੂ ਪਾਲਣ ਵਿਭਾਗ ਕੋਲ ਰਜਿਸਟਰਡ ਕਰਾਉਣ ਦੇ ਆਦੇਸ਼ ਦਿੱਤੇ ਹਨ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਆਮ ਵੇਖਣ ਵਿੱਚ ਆਇਆ ਹੈ ਲਾਵਾਰਸ ਗਊਆਂ ਕਾਰਨ ਰਾਤ ਸਮੇਂ ਸੜਕ ‘ਤੇ ਕਈ ਵਾਰ ਐਕਸੀਡੈਂਟ ਹੋ ਜਾਂਦੇ ਹਨ। ਇਸ ਕਾਰਨ ਆਮ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ। ਐਕਸੀਡੈਂਟ ਕਾਰਨ ਗਊ ਵੰਸ਼ ਸਬੰਧੀ ਕਈ ਵਾਰ ਲੋਕਾਂ ਵੱਲੋਂ ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਇਹਨਾਂ ਨੂੰ ਕਿਸੇ ਸ਼ਰਾਰਤੀ ਅਨਸਰਾਂ ਨੇ ਮਾਰ ਕੇ ਸੁੱਟ ਦਿੱਤਾ ਹੈ ਜਿਸ ਨਾਲ ਸਮਾਜ ਦੇ ਵੱਡੇ ਵਰਗ ਵਿੱਚ ਬੇਚੈਨੀ ਫੈਲਦੀ ਹੈ।