ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਹਵਾਲਾਤੀਆਂ ਅਤੇ ਕੈਦੀਆਂ ਲਈ ‘ਗਲਵਕੜੀ’ ਪ੍ਰੋਗਰਾਮ ਦੀ ਸ਼ੁਰੂਆਤ
– ‘ਚੰਗੇ ਆਚਰਣ’ ਵਾਲੇ ਹਵਾਲਾਤੀ ਅਤੇ ਕੈਦੀ ਬੇਝਿੱਜਕ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਸਕਣਗੇ
– ਪਰਿਵਾਰ ‘ਗਲਵਾਕੜੀ’ ਮੀਟਿੰਗ ਲਈ ਕਰ ਸਕਦੇ ਹਨ ਆਨਲਾਈਨ ਅਪਲਾਈ
ਚੰਡੀਗੜ੍ਹ, 15 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਜੇਲ੍ਹ ਵਿਭਾਗ ਪੰਜਾਬ ਅੱਜ ਸਜ਼ਾ ਯਾਫਤਾ ਕੈਦੀਆਂ ਅਤੇ ਸੁਣਵਾਈ ਅਧੀਨ ਕੈਦੀ ਲਈ ਗਲਵੱਕੜੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਜੇਲ੍ਹ ਵਿਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੀ ਮਾਨਸਿਕ-ਸਮਾਜਿਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਇਕ ਵੱਡੀ ਪੁਲਾਂਘ ਪੁੱਟਦਿਆਂ, ਪੰਜਾਬ ਦੇ ਜੇਲ੍ਹ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ‘ਗਲਵਾਕੜੀ’ ਪ੍ਰੋਗਰਾਮ ਦੀ ਸ਼ੁਰੂਆਤ ਲੁਧਿਆਣਾ ਜੇਲ੍ਹ ਵਿਖੇ ਕੀਤੀ ਗਈ।
ਜਿਸ ਵਿਚ ਉਹ ਸਾਲ ਦੀ ਤਿਮਾਹੀ ਦੌਰਾਨ, ਜੇਲ੍ਹ ਕੰਪਲੈਕਸ ਅੰਦਰ ਸਥਾਪਤ ਵਿਸ਼ੇਸ਼ ਕਮਰੇ ਵਿੱਚ ਆਪਣੇ ਪਰਿਵਾਰਕ ਜੀਆਂ ਨੂੰ ਇਕ ਘੰਟੇ ਲਈ ਵਿਅਕਤੀਗਤ ਤੌਰ ‘ਤੇ ਮਿਲ ਸਕਦੇ ਹਨ।
ਇਸ ਸਕੀਮ ਦਾ ਲਾਭ ਸਿਰਫ਼ ਉਨ੍ਹਾਂ ਕੈਦੀ/ਰਿਮਾਂਡ ਕੈਂਦੀ ਨੂੰ ਮਿਲੇਗਾ ਜਿਨ੍ਹਾਂ ਦਾ ਵਰਤਾਉ ਸਬੰਧੀ ਰਿਕਾਰਡ ਚੰਗਾ ਹੋਵੇਗਾ ਅਤੇ ਜੇਲ੍ਹ ਮੈਨੂਅਲ ਦੀ ਪਾਲਣਾ ਵੀ ਇੰਨ ਬਿੰਨ ਕਰਦੇ ਹੋਣ।
ਇਸ ਸਕੀਮ ਤਹਿਤ ਕੈਦੀ / ਹਵਾਲਾਤੀਆਂ ਆਪਣੇ ਪਰਿਵਾਰ ਦੇ ਮੈਂਬਰ ਨਾਲ ਭੋਜਨ ਦਾ ਆਨੰਦ ਲੈ ਸਕਣਗੇ।
ਇਸ ਸਕੀਮ ਦਾ ਲਾਭ ਗੈਂਗਸਟਰ ਅਤੇ ਹੋਰ ਗੰਭੀਰ ਅਪਰਾਧਾਂ ਸਮੇਤ ਉੱਚ ਜੋਖਮ ਸ਼੍ਰੇਣੀ ਵਿੱਚ ਸ਼ਾਮਲ ਕੈਦੀ ਅਤੇ ਹਵਾਲਾਤੀਆਂ ਨੂੰ ਨਹੀਂ ਮਿਲੇਗਾ।
ਇਹ ਸਕੀਮ ਪੰਜਾਬ ਰਾਜ 23 ਜੇਲ੍ਹਾਂ ਵਿੱਚ ਸ਼ੁਰੂ ਕੀਤੀਆਂ ਗਈ ਹੈ ਅਤੇ ਇਹ ਸਕੀਮ ਦਾ ਫ਼ਾਇਦਾ ਸਿਰਫ਼ ਉਨ੍ਹਾਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਮਿਲੇਗਾ, ਜਿਨ੍ਹਾਂ ਨੂੰ ਜੇਲ੍ਹਾਂ ਵਿੱਚ ਚੰਗੇ ਆਚਰਣ ਲਈ ਚੁਣਿਆ ਗਿਆ ਹੋਵੇ।
ਇਸ ਸਕੀਮ ਤਹਿਤ ਕੈਦੀ/ਹਵਾਲਾਤੀ ਫਰਨੀਚਰ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਲੈਸ ਪਰਿਵਾਰਕ ਕਮਰੇ ਵਿੱਚ ਆਪਣੇ ਪੰਜ ਰਿਸ਼ਤੇਦਾਰਾਂ ਨਾਲ ਇੱਕ ਘੰਟਾ ਬਿਤਾ ਸਕੇਗਾ। ਇਸ ਸਕੀਮ ਦਾ ਲਾਭ ਲੈਣ ਲਈ ਪਰਿਵਾਰ ਵੱਲੋਂ ਪੰਜਾਬ ਜੇਲ੍ਹ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਜਾਂ ਕੈਦੀ ਜੇਲ੍ਹ ਅਧਿਕਾਰੀਆਂ ਨਾਲ ਵੀ ਸੰਪਰਕ ਕਰ ਸਕਦੇ ਹਨ।