ਪੀ.ਆਰ.ਟੀ.ਸੀ. ਪੈਨਸ਼ਨਰਾਂ ਨੇ ਘੇਰਿਆ ਮੁੱਖ ਦਫਤਰ
-ਪੈਨਸ਼ਨਾਂ ਅਤੇ ਅਦਾਇਗੀਆਂ ਨੂੰ ਲੈ ਕੇ ਦਿੱਤਾ ਰੋਸ ਧਰਨਾ
-17 ਅਗਸਤ ਨੂੰ ਸਖਤ ਐਕਸ਼ਨ ਦੀ ਦਿੱਤੀ ਚੇਤਾਵਨੀ
ਪਟਿਆਲ਼ਾ, 11 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਪੀ.ਆਰ.ਟੀ.ਸੀ. ਪੈਸ਼ਨਰਾਂ ਨੇ ਪੈਨਸ਼ਨ ਅਤੇ ਹੋਰ ਅਦਾਇਗੀਆਂ ਨੂੰ ਲੈ ਕੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਆਦੇਸ਼ ਮੁਤਾਬਿਕ ਮੁੱਖ ਦਫਤਰ ਨਾਭਾ ਰੋਡ ਵਿਖੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ। ਇਸ ਵਿੱਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੋਨੇ-ਕੋਨੇ ‘ਚੋਂ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਪੈਨਸ਼ਨ ਲੇਟ ਕਰਨ ਲਈ ਮੈਨੇਜਮੈਂਟ ਅਤੇ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ। ਆਪਣੀਆਂ ਅਦਾਇਗੀਆਂ ਜਿਵੇਂ ਕਿ ਪੈਨਸ਼ਨ ਸਮੇਂ ਸਿਰ ਪਾਏ ਜਾਣ, ਮੈਡੀਕਲ ਤੇ ਪੇ-ਕਮਿਸ਼ਨ ਦੇ ਬਕਾਏ ਆਦਿ ਨੂੰ ਲੈ ਕੇ ਬਜੁਰਗ ਪੈਨਸ਼ਨਰਾਂ ਵਿੱਚ ਬਹੁਤ ਰੋਸ ਤੇ ਜੋਸ਼ ਸੀ। ਇਸ ਧਰਨੇ ਦੌਰਾਨ ਮੈਨੇਜਮੈਂਟ ਨੇ ਪੈਨਸ਼ਨਰਾਂ ਦੇ ਨੇਤਾਵਾਂ ਨੂੰ ਦੋ ਵਾਰ ਮੀਟਿੰਗ ਲਈ ਬੁਲਾਇਆ ਪਰੰਤੂ ਗੱਲ ਕਿਸੇ ਕੰਢੇ ਨਾ ਲੱਗਣ ਕਾਰਨ ਧਰਨਾਕਾਰੀਆਂ ਵਿੱਚ ਹੋਰ ਗੁੱਸਾ ਵਧ ਗਿਆ।
ਰੋਹ ਭਰੇ ਧਰਨੇ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਤੇ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਮੈਨੇਜਮੈਂਟ ਦੀ, ਸਾਡੀ ਪੈਨਸ਼ਨ ਤੇ ਅਦਾਇਗੀਆਂ ਸਬੰਧੀ ਟਾਲ ਮਟੋਲ ਦੀ ਨੀਤੀ ਤੋਂ ਤੰਗ ਆ ਕੇ ਸਾਨੂੰ ਮੁੱਖ ਦਫਤਰ ਵਿਖੇ ਇਹ ਰੋਸ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਨਿਊਜ਼ਲਾਈਨ ਐਕਸਪ੍ਰੈਸ ਨਾਲ ਗੱਲ਼ਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੇਜਮੈਂਟ ਨੂੰ ਅਸੀਂ ਉਹਨਾਂ ਦੇ ਕਹਿਣ ਤੇ ਪੂਰਾ ਸਮਾਂ ਦਿੱਤਾ ਪਰੰਤੂ ਮੈਨੇਜਮੈਂਟ ਨੇ ਸਾਡੇ ਵਲੋਂ ਦਿੱਤੇ ਸਹਿਯੋਗ ਨੂੰ ਸਾਡੀ ਮਜਬੂਰੀ ਸਮਝਦਿਆਂ ਟਾਲ ਮਟੋਲ ਦੀ ਨੀਤੀ ਅਪਣਾਈ ਹੈ। ਉਹਨਾਂ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਤੀਜੇ ਬੁੱਧਵਾਰ 17 ਅਗਸਤ ਨੂੰ ਬੱਸ ਸਟੈਂਡ ਪਟਿਆਲਾ ਵਿਖੇ ਹੋਣ ਵਾਲੀ ਸਾਡੀ ਮਾਸਿਕ ਮੀਟਿੰਗ ਵਿੱਚ ਇਸ ਤੋਂ ਵੀ ਵੱਧ ਇਕੱਠ ਹੋਵੇਗਾ। ਜੇਕਰ ਇਸ ਤੋਂ ਪਹਿਲਾਂ ਸਾਡੀ ਪੈਨਸ਼ਨ ਨਾ ਪਾਈ ਤੇ ਰਹਿੰਦੀਆਂ ਅਦਾਇਗੀਆਂ ਨਾ ਹੋਈਆਂ ਤਾਂ ਅਸੀਂ ਉਸ ਸਮੇਂ ਕਿਸੇ ਤਰ੍ਹਾਂ ਦਾ ਵੀ ਸਖਤ ਐਕਸ਼ਨ ਲੈਣ ਤੋਂ ਗੁਰੇਜ ਨਹੀਂ ਕਰਾਂਗੇ।