ਸਿਮਰਨਜੀਤ ਮਾਨ ਦਾ ਵਿਵਾਦਿਤ ਬਿਆਨ; ਕਿਹਾ – ‘ਜਨੇਊ ਨਾਲ ਵੀ ਜਹਾਜ਼ ਹਾਈਜੈਕ ਹੋ ਸਕਦੈ, ਜੇ ਕਿਰਪਾਨ ਉਤਰੀ ਤਾਂ ਜਨੇਊ ਵੀ ਉਤਰੇਗਾ’
ਚੰਡੀਗੜ੍ਹ, 20 ਅਗਸਤ : ਨਿਊਜ਼ਲਾਈਨ ਐਕਸਪ੍ਰੈਸ – ਘਰੇਲੂ ਉਡਾਣਾਂ ਵਿਚ ਸਿੱਖਾਂ ਦੇ ਕਿਰਪਾਨ ਲੈ ਕੇ ਜਾਣ ’ਤੇ ਚੱਲ ਰਹੇ ਵਿਵਾਦ ਦਰਮਿਆਨ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਕਿਹਾ ਕਿ ਜੇਕਰ ਹਿੰਦੂ ਜਨੇਊ ਪਾ ਕੇ ਜਹਾਜ਼ ਵਿਚ ਸਫਰ ਕਰ ਸਕਦੇ ਹਨ ਤਾਂ ਸਿੱਖ ਕਿਰਪਾਨ ਨਾਲ ਸਫਰ ਕਿਉਂ ਨਹੀਂ ਕਰ ਸਕਦੇ, ਜਿਸ ਨੇ ਸ਼ਰਾਰਤ ਕਰਨੀ ਹੈ ਉਹ ਜਨੇਊ ਦੀ ਜਗ੍ਹਾ ਚੀਨ ਦਾ ਧਾਗਾ ਪਾ ਕੇ ਜਾਵੇ ਅਤੇ ਧਮਕੀ ਦੇਵੇ ਕਿ ਮੈਂ ਗਰਦਨ ਉਡਾ ਦੇਵਾਂਗਾ ਅਤੇ ਉਹ ਜਹਾਜ਼ ਨੂੰ ਹਾਈਜੈਕ ਵੀ ਕਰ ਸਕਦਾ ਹਾਂ।
ਸਿਮਰਨਜੀਤ ਮਾਨ ਨੇ ਕਿਹਾ ਕਿ ਕਿਰਪਾਨ ਨੂੰ ਇਕ ਹਥਿਆਰ ਦੇ ਤੌਰ ’ਤੇ ਦੇਖ ਕੇ ਜਹਾਜ਼ ਵਿਚ ਨਾ ਲੈ ਕੇ ਜਾਣ ਲਈ ਕਿਹਾ ਜਾ ਰਿਹਾ ਹੈ ਤਾਂ ਫਿਰ ਜਨੇਊ ਨੂੰ ਵੀ ਹਥਿਆਰ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੱਸਿਆ ਜਾ ਰਿਹਾ ਹੈ ਕਿ ਕਿਰਪਾਨ ਨਾਲ ਕਿਸੇ ਦਾ ਵੀ ਗਲਾ ਦਬਾਇਆ ਜਾ ਸਕਦਾ ਹੈ ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਨੇਊ ਨਾਲ ਵੀ ਕਿਸੇ ਦਾ ਗਲਾ ਵੱਢਿਆ ਜਾਂ ਦਬਾਇਆ ਜਾ ਸਕਦਾ ਹੈ। ਮਾਨ ਨੇ ਕਿਹਾ ਕਿ ਮੈਂ ਸਾਂਸਦ ਹੋਣ ਦੇ ਨਾਤੇ ਇਹ ਗੱਲ ਸਵੀਕਾਰ ਨਹੀਂ ਕਰਦਾ।
ਦਰਅਸਲ ਦਿੱਲੀ ਹਾਈ ਕੋਰਟ ਵਿੱਚ ਇੱਕ ਗੈਰ-ਸਿੱਖ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਛੋਟੀ ਕਿਰਪਾਨ ‘ਤੇ ਪਾਬੰਦੀ ਲਗਾਈ ਜਾਵੇ। ਇਸ ਬਾਬਤ ਸਿਮਰਨਜੀਤ ਸਿੰਘ ਮਾਨ ਨੇ ਇਹ ਦਲੀਲ ਦਿੱਤੀ ਹੈ ਕਿ ਜੇ ਜਨੇਊ ਪਾ ਕੇ ਹਵਾਈ ਸਫਰ ਕੀਤਾ ਜਾ ਸਕਦਾ ਹੈ ਤਾਂ ਕਿਰਪਾਨ ਪਹਿਣ ਕੇ ਸਫਰ ਕਿਉਂ ਨਹੀਂ ਕੀਤਾ ਜਾ ਸਕਦਾ। ਮਾਨ ਨੇ ਕਿਹਾ ਕਿ ਸਿੱਖਾਂ ਨੂੰ ਕਿਰਪਾਨ ਲੈ ਕੇ ਜਾਣ ਦੀ ਆਜ਼ਾਦੀ ਹੈ। ਜਿਸ ਤਰ੍ਹਾਂ ਦਾ ਜਨੇਊ ਹਿੰਦੂਆਂ ਦਾ ਧਾਰਮਿਕ ਚਿੰਨ੍ਹ ਹੈ, ਉਸੇ ਤਰ੍ਹਾਂ ਹੀ ਕਿਰਪਾਨ ਵੀ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਿੱਖਾਂ ਵੱਲੋਂ ਰੱਖੀ ਜਾ ਕਿਰਪਾਨ ਨੂੰ ਖਤਰਾ ਮੰਨਿਆ ਜਾ ਰਿਹਾ ਹੈ ਤਾਂ ਉਸੇ ਤਰ੍ਹਾਂ ਹਿੰਦੂਆਂ ਦਾ ਜਨੇਊ ਵੀ ਲੋਕਾਂ ਲਈ ਖਤਰੇ ਦਾ ਰੂਪ ਧਾਰਨ ਕਰ ਸਕਦਾ ਹੈ, ਲਿਹਾਜ਼ਾ ਸਾਨੂੰ ਸਾਵਧਾਨੀ ਵਰਤਣੀ ਪਵੇਗੀ। ਉਹਨਾਂ ਅੱਗੇ ਕਿਹਾ ਕਿ ਜੇਕਰ ਸਿੱਖਾਂ ਦੀ ਕਿਰਪਾਨ ਉਤਾਰੀ ਜਾਵੇਗੀ ਤਾਂ ਹਿੰਦੂਆਂ ਦੇ ਜਨੇਊ ਵੀ ਉਤਾਰੇ ਜਾਣਗੇ।