???? ਪਟਿਆਲਾ ਵਿਚ ਦੁਸਹਿਰਾ ਮਨਾਉਣ ਸੰਬੰਧੀ ਵਿਵਾਦ ਜਾਰੀ
???? ਮਾਮਲਾ ਹਾਈ ਕੋਰਟ ਪੁੱਜਾ ; ਸੁਣਵਾਈ ਅੱਜ
???? MLA ਅਜੀਤਪਾਲ ਸਿੰਘ ਕੋਹਲੀ, ਐਸਐਸਪੀ ਪਟਿਆਲਾ ਅਤੇ ਆਪ ਆਗੂ ਕਿਸ਼ਨ ਚੰਦ ਬੁੱਧੂ ਨੂੰ ਹਾਈ ਕੋਰਟ ਵੱਲੋਂ ਨੋਟਿਸ ਜਾਰੀ
ਪਟਿਆਲਾ/ ਚੰਡੀਗੜ੍ਹ, 4 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਸ਼ਹਿਰ ਵਿਚ ਬੇਸ਼ੱਕ ਹਰ ਸਾਲ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ, ਉਤਸਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਲਗਭਗ ਹਰ ਵਰਗ ਦੇ ਲੋਕ ਇਸ ਵਿਚ ਸ਼ਾਮਲ ਹੁੰਦੇ ਹਨ। ਪ੍ਰੰਤੂ, ਇਸ ਵਾਰ 2 ਮਹੀਨੇ ਤੋਂ ਤਿਆਰੀਆਂ ਕਰ ਰਹੇ ਪੁਰਾਣੇ ਗਰੁੱਪ ਦੀਆਂ ਤਿਆਰੀਆਂ ਉਸ ਵੇਲੇ ਖਤਰੇ ਵਿਚ ਪੈ ਗਈਆਂ, ਜਦੋਂ ਪ੍ਰਸ਼ਾਸਨ ਵਲੋਂ ਬੱਸ ਅੱਡੇ ਨੇੜੇ ਸਥਿਤ ਵੀਰ ਹਕੀਕਤ ਰਾਏ ਗਰਾਊਂਡ ਵਿੱਚ ਦੁਸਹਿਰਾ ਆਯੋਜਿਤ ਕਰਨ ਦੀ ਮਨਜ਼ੂਰੀ ਉਨ੍ਹਾਂ ਨੂੰ ਨਾ ਦੇ ਕੇ, ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਆਗੂ ਕ੍ਰਿਸ਼ਨ ਚੰਦ ” ਬੁੱਧੂ ” ਨੂੰ ਦੇ ਦਿੱਤੀ।
ਇਸ ਸੰਬੰਧੀ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਸਮੇਤ ਹੋਰ ਲੋਕਾਂ ਨੇ ਇਸ ਦਾ ਵਿਰੋਧ ਕੀਤਾ, ਪਰ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਮਿਲੀ। ਇਸੇ ਕਾਰਨ ਹਰੀਸ਼ ਸਿੰਗਲਾ ਨੇ ਉੱਚ ਅਦਾਲਤ ਹਾਈ ਕੋਰਟ ਵਿੱਚ ਪਹੁੰਚ ਕਰਕੇ ਸਿਵਲ ਰਿੱਟ ਪਟੀਸ਼ਨ ਦਾਇਰ ਕਰ ਦਿੱਤੀ। ਇਸ ਮਾਮਲੇ ਵਿੱਚ ਮਾਣਯੋਗ ਹਾਈ ਕੋਰਟ ਵੱਲੋਂ ਪਟਿਆਲਾ ਸ਼ਹਿਰ ਦੇ ਆਪ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਐਸਐਸਪੀ ਪਟਿਆਲਾ ਅਤੇ ਆਪ ਆਗੂ ਕ੍ਰਿਸ਼ਨ ਚੰਦ ਨੂੰ 4 ਅਕਤੂਬਰ ਲਈ ਨੋਟਿਸ ਜਾਰੀ ਕੀਤਾ ਹੈ ਕਿ ਉਕਤ ਮਾਮਲੇ ਵਿਚ ਜੇਕਰ ਕੁਝ ਕਹਿਣਾ ਚਾਹੁੰਦੇ ਹਨ ਤਾਂ ਉਹ ਖੁਦ ਪੇਸ਼ ਹੋ ਕੇ ਜਾਂ ਆਪਣੇ ਵਕੀਲ ਰਾਹੀਂ ਆਪਣਾ ਪੱਖ ਦੱਸ ਸਕਦੇ ਹਨ, ਨਹੀਂ ਤਾਂ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਫੈਸਲਾ ਕਰ ਦਿੱਤਾ ਜਾਵੇਗਾ।
ਨਿਊਜ਼ਲਾਈਨ ਐਕਸਪ੍ਰੈਸ ਨਾਲ ਗੱਲ ਕਰਦਿਆਂ ਹਰੀਸ਼ ਸਿੰਗਲਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਆਗੂ ਸਰਕਾਰੀ ਅਧਿਕਾਰੀਆਂ ਉਤੇ ਦਬਾਅ ਪਾ ਕੇ ਹਿੰਦੂ ਸਮਾਜ ਦੇ ਇਸ ਪ੍ਰਸਿੱਧ ਤਿਉਹਾਰ ਨੂੰ ਖਰਾਬ ਨਾ ਕਰਨ।
ਦੁੱਜੇ ਪਾਸੇ ਦੁਸਹਿਰੇ ਦੀ ਮਨਜ਼ੂਰੀ ਪ੍ਰਾਪਤ ਕਰਨ ਵਾਲੇ ਆਪ ਆਗੂ ਕ੍ਰਿਸ਼ਨ ਚੰਦ ਬੁੱਧੂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ, ਇਸ ਲਈ ਉਹ ਅਤੇ ਉਨ੍ਹਾਂ ਦੀ ਟੀਮ ਹੋ ਦੁਸਹਿਰਾ ਮੇਲਾ ਆਯੋਜਿਤ ਕਰੇਗੀ।
ਹੁਣ ਦੇਖਣਾ ਹੈ ਕਿ ਅੱਜ ਮਾਣਯੋਗ ਹਾਈ ਕੋਰਟ ਦੇ ਸਾਹਮਣੇ ਕੌਣ ਕੌਣ ਆਪਣਾ ਕੀ ਕੀ ਪੱਖ ਪੇਸ਼ ਕਰਦੇ ਹਨ ਅਤੇ ਅਦਾਲਤ ਕੀ ਫੈਸਲਾ ਸੁਣਾਉਂਦੀ ਹੈ।
Newsline Express