ਮੱਲਿਕਾਰਜੁਨ ਬਣੇ ਕਾਂਗਰਸ ਪ੍ਰਧਾਨ
ਨਵੀਂ ਦਿੱਲੀ, 19 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਕਾਂਗਰਸ ਪ੍ਰਧਾਨ ਚੋਣ ਦਾ ਨਤੀਜਾ ਆ ਗਿਆ ਹੈ, ਜਿਸ ਵਿੱਚ ਮੱਲਿਕਾਰਜੁਨ ਖੜਗੇ ਦੀ ਜਿੱਤ ਹੋਈ ਹੈ। ਉਨ੍ਹਾਂ ਨੂੰ ਕੁੱਲ 7,897 ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਸ਼ਸ਼ੀ ਥਰੂਰ ਨੂੰ ਵੀ 1000 ਤੋਂ ਵੱਧ ਵੋਟਾਂ ਮਿਲੀਆਂ ਹਨ। ਥਰੂਰ ਨੇ ਆਪਣੀ ਹਾਰ ਮੰਨ ਲਈ ਹੈ। ਇਸ ਮਗਰੋਂ ਖੜਗੇ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਖੜਗੇ ਨੂੰ ਮੁਬਾਰਕਬਾਦ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਮਲਿਕਾਰਜੁਨ ਖੜਗੇ ਨੂੰ ਪਾਰਟੀ ਹਾਈਕਮਾਨ ਤੋਂ ਵੀ ਸਮਰਥਨ ਮਿਲਿਆ ਹੈ। ਇਹੀ ਕਾਰਨ ਹੈ ਕਿ ਉਸ ਨੂੰ ਜ਼ਿਆਦਾਤਰ ਹੋਰ ਆਗੂਆਂ ਦਾ ਵੀ ਸਮਰਥਨ ਹਾਸਲ ਹੈ। ਕਰਨਾਟਕ ਤੋਂ 9 ਵਾਰ ਵਿਧਾਇਕ ਅਤੇ ਕਈ ਵਾਰ ਸੰਸਦ ਰਹਿ ਚੁੱਕੇ ਮਲਿਕਾਅਰਜੁਨ ਖੜਗੇ ਨੂੰ ਗਾਂਧੀ ਪਰਿਵਾਰ ਦੇ ਵਫ਼ਾਦਾਰ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਮਲਿਕਾਰਜੁਨ ਖੜਗੇ ਦੀ ਕਾਂਗਰਸ ਪ੍ਰਧਾਨ ਵਜੋਂ ਚੋਣ ਨੂੰ ਪਾਰਟੀ ਵਿੱਚ ਵੱਡੇ ਬਦਲਾਅ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੇ ਪ੍ਰਧਾਨ ਬਣਨ ਨਾਲ ਗਾਂਧੀ ਪਰਿਵਾਰ ਪਛੜ ਗਿਆ ਹੈ, ਜੋ ਲਗਾਤਾਰ 24 ਸਾਲ ਕਾਂਗਰਸ ਪ੍ਰਧਾਨ ਸੀ। 1998 ਤੋਂ ਹੁਣ ਤੱਕ ਸੋਨੀਆ ਗਾਂਧੀ ਕਾਂਗਰਸ ਪ੍ਰਧਾਨ ਸਨ, ਜਦਕਿ 2017 ਤੋਂ 2019 ਦਰਮਿਆਨ ਦੋ ਸਾਲ ਤੱਕ ਰਾਹੁਲ ਗਾਂਧੀ ਇਸ ਅਹੁਦੇ ‘ਤੇ ਰਹੇ। ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਹੁਣ ਗਾਂਧੀ ਪਰਿਵਾਰ ਤੋਂ ਕੋਈ ਪ੍ਰਧਾਨ ਨਹੀਂ ਹੋਵੇਗਾ। ਅੰਤ ਤੱਕ ਉਹ ਇਸ ਜ਼ਿੱਦ ‘ਤੇ ਅੜੇ ਰਹੇ ਅਤੇ ਫਿਰ ਚੋਣ ਹੋਈ, ਜਿਸ ‘ਚ ਮੱਲਿਕਾਰਜੁਨ ਖੜਗੇ ਨੂੰ ਚੁਣਿਆ ਗਿਆ।