ਪਟਿਆਲਾ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਤਸਕਰੀ ਵਿਰੋਧੀ ਦਿਵਸ ਮੌਕੇ ਕੱਢੀ ਸਾਈਕਲ ਜਾਗਰੂਕਤਾ ਰੈਲੀ
-ਨਸ਼ਿਆਂ ਦੇ ਖਾਤਮੇ ਲਈ ਪੁਲਿਸ ਦਾ ਸਾਥ ਦੇਣ ਆਮ ਲੋਕ-ਐਸ.ਐਸ.ਪੀ.
-ਜਾਗਰੂਕਤਾ ਨਸ਼ਿਆਂ ਦੇ ਖਾਤਮੇ ਲਈ ਜ਼ਰੂਰੀ -ਡਾ. ਸੰਦੀਪ ਗਰਗ
ਪਟਿਆਲਾ, 26 ਜੂਨ – ਨਿਊਜ਼ਲਾਈਨ ਐਕਸਪ੍ਰੈਸ –
ਪਟਿਆਲਾ ਪੁਲਿਸ ਵੱਲੋਂ ‘ਅੰਤਰ ਰਾਸ਼ਟਰੀ ਨਸ਼ਾਖੋਰੀ ਅਤੇ ਗ਼ੈਰ-ਕਾਨੂੰਨੀ ਤਸਕਰੀ ਵਿਰੋਧੀ ਦਿਵਸ’ ਮੌਕੇ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਐਸ.ਐਸ.ਪੀ. ਪਟਿਆਲਾ ਡਾ. ਸੰਦੀਪ ਗਰਗ ਦੀ ਅਗਵਾਈ ‘ਚ ਪੁਲਿਸ ਲਾਈਨ ਤੋਂ ਸ਼ੁਰੂ ਹੋਈ ਸਾਈਕਲ ਰੈਲੀ ਬੱਸ ਸਟੈਂਡ, ਸ਼ੇਰਾਂ ਵਾਲਾ ਗੇਟ, ਅਨਾਰਦਾਣਾ ਚੌਂਕ, ਵਾਈ.ਪੀ.ਐਸ. ਚੌਂਕ, ਫੁਹਾਰਾ ਚੌਂਕ ਤੇ ਥਾਪਰ ਕਾਲਜ ਤੋਂ ਹੁੰਦੇ ਹੋਏ ਪਟਿਆਲਾ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਹੋਕਾ ਦਿੰਦਿਆ ਪੁਲਿਸ ਲਾਈਨ ਵਿਖੇ ਆਕੇ ਸਮਾਪਤ ਹੋਈ।
ਇਸ ਮੌਕੇ ਐਸ.ਐਸ.ਪੀ. ਪਟਿਆਲਾ ਡਾ. ਸੰਦੀਪ ਗਰਗ ਨੇ ਆਮ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਜਿਥੇ ਸਮਾਜ ‘ਚੋਂ ਨਸ਼ਿਆਂ ਦੀ ਲਾਹਨਤ ਦੇ ਖਾਤਮੇ ਲਈ ਪੁਲਿਸ ਤੇ ਪ੍ਰਸ਼ਾਸਨ ਦਾ ਸਾਥ ਦੇਣ ਉਥੇ ਹੀ ਉਹ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਖ਼ੁਦ ਜਾਣੂ ਹੋ ਕੇ ਅੱਗੇ ਜਾਗਰੂਕਤਾ ਪੈਦਾ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ (ਡੇਪੋ) ਦਾ ਹਿੱਸਾ ਬਣਨ ਤਾਂ ਜੋ ਨਸ਼ਿਆਂ ਦੀ ਇਸ ਅਲਾਮਤ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਨਸ਼ਾਖੋਰੀ ਵਿਰੋਧੀ ਦਿਵਸ ਮੌਕੇ ਜ਼ਿਲ੍ਹਾ ਪੁਲਿਸ ਵੱਲੋਂ ਇਕ ਹਫ਼ਤੇ ਤੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਸਬ-ਡਵੀਜਨ ਪੱਧਰ ‘ਤੇ ਸੈਮੀਨਾਰ ਕਰਕੇ ਲੋਕਾਂ ਨੂੰ ਨਸ਼ਿਆਂ ਖਿਲਾਫ਼ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਨਸ਼ਾਖੋਰੀ ਵਿਰੋਧੀ ਦਿਵਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਸਾਈਕਲ ਰੈਲੀ ਕਰਨ ਦਾ ਮੁੱਖ ਮਕਸਦ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਦਿਆ ਇਹ ਦੱਸਣਾ ਹੈ ਕਿ ਨਸ਼ੇ ਕੇਵਲ ਸਰੀਰ ਨੂੰ ਹੀ ਨਹੀਂ ਸਗੋਂ ਸਮਾਜ ਨੂੰ ਖੋਖਲਾ ਕਰ ਦਿੰਦੇ ਹਨ।
ਉਨ੍ਹਾਂ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਅੱਜ ਨਸ਼ਾਖੋਰੀ ਵਿਰੋਧੀ ਦਿਵਸ ਮੌਕੇ ਆਪਾਂ ਪ੍ਰਣ ਲਈ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ਼’ ਦਾ ਹਿੱਸਾ ਬਣਕੇ ਨਸ਼ਿਆਂ ਕਰਨ ਵਾਲਿਆਂ ਨੂੰ ਜਾਗਰੂਕ ਕਰੀਏ ਅਤੇ ਜੇਕਰ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦੇਈਏ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਖਾਤਮਾ ਜਾਗਰੂਕਤਾ ਨਾਲ ਕੀਤਾ ਜਾ ਸਕਦਾ ਹੈ, ਜੇਕਰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਪਹਿਲਾਂ ਤੋਂ ਜਾਗਰੂਕਤਾ ਫੈਲਾਈ ਜਾਵੇ ਤਾਂ ਇਸ ਨੂੰ ਜੜ੍ਹ ਤੋਂ ਖਤਮ ਕਰਨ ‘ਚ ਦੇਰੀ ਨਹੀਂ ਲੱਗੇਗੀ।
ਸਾਈਕਲ ਰੈਲੀ ‘ਚ ਐਸ.ਪੀ. (ਐਚ) ਡਾ. ਸਿਮਰ, ਐਸ.ਪੀ. ਟਰੈਫ਼ਿਕ ਪਲਵਿੰਦਰ ਸਿੰਘ ਚੀਮਾ, ਡੀ.ਐਸ.ਪੀ. ਗੁਰਦੇਵ ਸਿੰਘ ਧਾਲੀਵਾਲ, ਕੇ.ਕੇ ਪਾਂਥੇ, ਅਜੈ ਪਾਲ ਸਿੰਘ, ਸੌਰਭ ਜਿੰਦਲ, ਜਸਵਿੰਦਰ ਸਿੰਘ ਟਿਵਾਣਾ ਸਮੇਤ ਵੱਖ-ਵੱਖ ਥਾਣਿਆਂ ਦੇ ਐਸ.ਐਚ.ਓ. ਤੇ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ।