*8ਵੇਂ ਦਿਨ ਵੀ ਧਰਨੇ ਉਤੇ ਡਟੇ ਰਹੇ ਸਕਰੂਟਨੀ ਕਰਵਾ ਚੁੱਕੇ 2364 ਈਟੀਟੀ ਅਧਿਆਪਕ*…
ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰ ਫਰੰਟ ਨੇ 2364 ਈਟੀਟੀ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਦਾ ਕੀਤਾ ਐਲਾਨ
ਪਟਿਆਲਾ, 15 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸ਼ਾਹੀ ਸ਼ਹਿਰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਸਕਰੂਟਨੀ ਕਰਵਾ ਚੁੱਕੇ 2364 ਅਧਿਆਪਕ ਯੂਨੀਅਨ ਵੱਲੋਂ ਪਿਛਲੇ 7 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਾਇਆ ਪੱਕਾ ਧਰਨਾ ਲਗਾਤਾਰ 8ਵੇਂ ਦਿਨ ਵੀ ਜਾਰੀ ਰਿਹਾ। ਜ਼ਿਕਰਯੋਗ ਹੈ ਕਿ 2364 ਪੋਸਟਾਂ ਲਈ ਸਕਰੂਟਨੀ ਕਰਵਾ ਚੁੱਕੇ ਅਧਿਆਪਕਾਂ ਨੂੰ 7 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵਲੋਂ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ ਜਿਸਦੇ ਰੋਸ ਵਜੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਥੇਬੰਦੀ ਦੇ ਆਗੂ ਅਧਿਆਪਕਾਂ ਨੇ ਦੱਸਿਆ ਕਿ 2364 ਈਟੀਟੀ ਪੋਸਟਾਂ ਦੀ ਹਾਈ ਮੈਰਿਟ ਵਿਚ ਸਿਲੈਕਟ ਹੋਏ ਅਤੇ ਵਿਭਾਗੀ ਮੈਰਿਟ ਅਨੁਸਾਰ ਸਮੂਹ ਕੈਂਡੀਡੇਟ ਦਸੰਬਰ 2020 ਤੱਕ ਸਕਰੂਟਨੀ ਕਰਵਾ ਚੁੱਕੇ ਹਨ। ਪਰ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਲਗਪਗ ਸੱਤ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ। ਉਹਨਾਂ ਦੱਸਿਆ ਕਿ ਸਰਕਾਰ ਨਾਲ ਸਮੇਂ ਸਮੇਂ ‘ਤੇ ਮੀਟਿੰਗਾਂ ਹੋਈਆਂ, ਪ੍ਰੰਤੂ ਕੋਈ ਹੱਲ ਨਹੀਂ ਨਿਕਲਿਆ, ਜਿਸ ਕਰਕੇ ਇਹ ਅਧਿਆਪਕ ਪਿਛਲੇ ਅੱਠ ਦਿਨਾਂ ਤੋਂ ਪੱਕਾ ਧਰਨਾ ਲਗਾ ਕੇ ਬੈਠੇ ਹੋਏ ਹਨ। ਸਰਕਾਰ ਵੱਲੋਂ ਟਾਲ ਮਟੋਲ ਦੀ ਨੀਤੀ ਲਗਾਤਾਰ ਜਾਰੀ ਹੈ, ਜਿਸ ਕਰਕੇ ਇਹਨਾਂ ਅਧਿਆਪਕਾਂ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ ਅਤੇ ਇਸੇ ਟਾਲ ਮਟੋਲ ਤੋਂ ਤੰਗ ਇਹਨਾਂ ਅਧਿਆਪਕਾਂ ਵੱਲੋਂ ਮਿਤੀ 13 ਜੁਲਾਈ ਤੋਂ ਲੜੀਵਾਰ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਿਸਦੇ ਅੱਜ ਤੀਸਰੇ ਦਿਨ ਨਵਦੀਪ ਸਿੰਘ ਤਰਨਤਾਰਨ, ਅੰਜੂ ਸਹਿਗਲ ਹੁਸ਼ਿਆਰਪੁਰ ਅਤੇ ਸਤਨਾਮ ਸਿੰਘ ਗੁਰਦਾਸਪੁਰ ਭੁੱਖ ਹੜਤਾਲ ‘ਤੇ ਬੈਠੇ ਰਹੇ। ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਭੁੱਖ ਹੜਤਾਲ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗੀ। ਜੇਕਰ ਜਲਦੀ ਹੱਲ ਨਾ ਨਿਕਲਿਆ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਰੂਪ ਵੀ ਦਿੱਤਾ ਜਾਵੇਗਾ। ਇਸ ਮੌਕੇ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਸੂਬਾ ਆਗੂ ਵਿਕਰਮਦੇਵ ਸਿੰਘ, ਜਨਰਲ ਸਕੱਤਰ ਹਰਦੀਪ ਸਿੰਘ ਟੋਂਡਰਪੁਰ, ਜ਼ਿਲ੍ਹਾ ਪ੍ਰਧਾਨ ਅਤਿੰਦਰ ਸਿੰਘ ਘੱਗਾ ਆਪਣੇ ਸਾਥੀਆਂ ਸਮੇਤ 2364 ਈਟੀਟੀ ਅਧਿਆਪਕਾਂ ਦੇ ਧਰਨੇ ‘ਤੇ ਪੁੱਜ ਕੇ ਉਹਨਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ 2364 ਅਧਿਆਪਕਾਂ ਦੀਆਂ ਜ਼ਾਇਜ ਮੰਗਾਂ ਮੰਨ ਕੇ ਤੁਰੰਤ ਨਿਯੁਕਤੀ ਪੱਤਰ ਜਾਰੀ ਕਰਨੇ ਚਾਹੀਦੇ ਹਨ। ਇਸ ਮੌਕੇ ਯੂਨੀਅਨ ਸਟੇਟ ਕਮੇਟੀ ਮੈਂਬਰ ਜਗਜੀਤ ਸਿੰਘ ਮੋਗਾ, ਬੂਟਾ ਸਿੰਘ ਮਾਨਸਾ, ਕੁਲਦੀਪ ਚਹਿਲ, ਮਲੂਕ ਸਿੰਘ ਮਾਨਸਾ, ਗੁਰਜੰਟ ਪਟਿਆਲਾ, ਜਰਮਨ ਹੁੰਦਲ, ਅਰਸ਼ਦੀਪ, ਗਗਨ ਖੁਡਾਲ, ਚਰਨਜੀਤ ਕੌਰ ਸਮਾਣਾ, ਮਨਦੀਪ ਕੌਰ ਬੁਡਲ਼ਾਡਾ, ਗਗਨ ਸੁਨਾਮ, ਕਰਮਜੀਤ ਮਾਨਸਾ, ਗੁਰਜੀਤ ਸਿੰਘ, ਪਰਮਪ੍ਰੀਤ ਸਿੰਘ ਨਿਰਾਲਾ, ਸਿੰਬਲਪ੍ਰੀਤ ਸਿੰਘ, ਕੁਲਦੀਪ ਚਹਿਲ, ਸਤਵਿੰਦਰ ਸਿੰਘ, ਕਿਰਨਪਾਲ ਕੌਰ, ਜਗਪਾਲ ਸਿੰਘ, ਪ੍ਰਭਜੋਤ ਕੌਰ ਆਦਿ ਹਾਜ਼ਰ ਸਨ।
*Newsline Express*