ਲੋਕ ਸਭਾ ਸਪੀਕਰ ਲਈ ਬੁੱਧਵਾਰ ਸਵੇਰੇ 11 ਵਜੇ ਵੋਟਿੰਗ
ਨਵੀਂ ਦਿਲੀ, 25 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਪੀਕਰ ਦੇ ਅਹੁਦੇ ਲਈ ਚੋਣਾਂ ਹੋਣ ਜਾ ਰਹੀਆਂ ਹਨ। ਐਨਡੀਏ ਵੱਲੋਂ ਓਮ ਬਿਰਲਾ ਅਤੇ ਇੰਡੀਆ ਗੱਠਜੋੜ ਵੱਲੋਂ ਕੇ. ਸੁਰੇਸ਼ ਸਪੀਕਰ ਦੇ ਅਹੁਦੇ ਲਈ ਉਮੀਦਵਾਰ ਹੋਣਗੇ। ਦੋਵਾਂ ਆਗੂਆਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਅਜਿਹੇ ‘ਚ ਭਲਕੇ ਸਪੀਕਰ ਦੇ ਅਹੁਦੇ ਲਈ ਚੋਣ ਹੋਵੇਗੀ। ਲੋਕ ਸਭਾ ਸਪੀਕਰ ਲਈ ਬੁੱਧਵਾਰ ਸਵੇਰੇ 11 ਵਜੇ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ ਸਪੀਕਰ ਦੇ ਅਹੁਦੇ ਲਈ ਸਹਿਮਤੀ ਬਣਾਉਣ ਦੀ ਗੱਲ ਚੱਲ ਰਹੀ ਸੀ। ਨਾਮਜ਼ਦਗੀ ਭਰਨ ਦਾ ਵੀ ਅੱਜ ਆਖਰੀ ਦਿਨ ਸੀ। ਐਨਡੀਏ ਕੋਲ 293 ਸੰਸਦ ਮੈਂਬਰ ਹਨ ਜਦਕਿ ਇੰਡੀਆ ਗੱਠਜੋੜ ਕੋਲ 234 ਸੰਸਦ ਮੈਂਬਰ ਹਨ। ਅਜਿਹੇ ‘ਚ ਜੇਕਰ ਚੋਣਾਂ ਹੁੰਦੀਆਂ ਹਨ ਤਾਂ ਓਮ ਬਿਰਲਾ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਅਜਿਹੇ ‘ਚ ਡਿਪਟੀ ਸਪੀਕਰ ਦੇ ਅਹੁਦੇ ਨੂੰ ਲੈ ਕੇ ਵਿਵਾਦ ਪੈਦਾ ਹੋਣਾ ਤੈਅ ਹੈ। ਦੱਸ ਦਈਏ ਕਿ ਐਨਡੀਏ ਇਹ ਅਹੁਦਾ ਆਪਣੇ ਸਹਿਯੋਗੀਆਂ ਨੂੰ ਦੇਣਾ ਚਾਹੁੰਦਾ ਹੈ ਜਦਕਿ ਰਵਾਇਤ ਮੁਤਾਬਕ ਇਹ ਅਹੁਦਾ ਵਿਰੋਧੀ ਧਿਰ ਕੋਲ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸੰਸਦ ਭਵਨ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਨਰਿੰਦਰ ਮੋਦੀ ਅਤੇ ਓਮ ਬਿਰਲਾ ਵਿਚਾਲੇ ਮੀਟਿੰਗ ਹੋਈ। ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਵੀ ਮੌਜੂਦ ਸਨ। ਉਥੇ ਹੀ ਰਾਹੁਲ ਗਾਂਧੀ ਨੇ ਡਿਪਟੀ ਸਪੀਕਰ ਦੇ ਅਹੁਦੇ ਨੂੰ ਲੈ ਕੇ ਭਾਜਪਾ ‘ਤੇ ਹਮਲਾ ਬੋਲਿਆ ਹੈ।