ਹਾਥਰਸ, 3 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਯੂ ਪੀ ਦੇ ਹਾਥਰਸ ਵਿੱਚ ਮੰਗਲਵਾਰ ਨੂੰ ਹਾਹਾਕਾਰ ਮੱਚ ਗਿਆ। ਸੂਰਜਪਾਲ ਉਰਫ਼ ਭੋਲੇ ਬਾਬਾ ਦੇ ਸਤਿਸੰਗ ਵਿੱਚ ਭਗਦੜ ਮੱਚ ਗਈ। ਭਗਦੜ ਅਜਿਹੀ ਸੀ ਕਿ ਕੁਝ ਦੇਰ ਵਿਚ ਹੀ ਲਾਸ਼ਾਂ ਦੇ ਢੇਰ ਲੱਗ ਗਏ। ਹਾਥਰਸ ਘਟਨਾ ਵਿੱਚ 116 ਲੋਕਾਂ ਦੀ ਮੌਤ ਹੋ ਗਈ। ਹਰ ਕੋਈ ਭੋਲੇ ਬਾਬਾ ਦਾ ਉਪਦੇਸ਼ ਸੁਣਨ ਲਈ ਸਤਿਸੰਗ ਵਿੱਚ ਆਇਆ ਹੋਇਆ ਸੀ। ਹਾਥਰਸ ਦੀ ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਹਸਪਤਾਲ ਦੇ ਬਾਹਰ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ। ਪੁਲਿਸ-ਪ੍ਰਸ਼ਾਸਨ ਅਤੇ ਸਰਕਾਰ ਜ਼ਖਮਾਂ ਨੂੰ ਭਰਨ ਵਿਚ ਲੱਗੀ ਹੋਈ ਹੈ। ਲਾਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪਰ ਹਾਥਰਸ ਵਿੱਚ ਮੌਤ ਦਾ ਸਤਿਸੰਗ ਕਰਵਾਉਣ ਵਾਲਾ ਬਾਬਾ ਆਪਣੇ ਚੇਲੇ ਦੇਖਣ ਵੀ ਨਹੀਂ ਆ ਰਿਹਾ। ਉਹ ਲਗਾਤਾਰ ਪੁਲਸ ਨੂੰ ਚਕਮਾ ਦੇ ਰਿਹਾ ਹੈ।
ਸਮਾਗਮ ਵਾਲੀ ਥਾਂ ਅਲੀਗੜ੍ਹ ਤੋਂ ਏਟਾ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ 34 ਉੱਤੇ ਸਿਕੰਦਰਾਊ ਕਸਬੇ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਫੁਲਰਾਈ ਪਿੰਡ ਵਿੱਚ ਹੈ। ਇੱਥੇ ਸੈਂਕੜੇ ਵਿੱਘੇ ਜ਼ਮੀਨ ਵਿੱਚ ਲਾਇਆ ਟੈਂਟ ਹੁਣ ਕਾਹਲੀ ਵਿੱਚ ਪੁੱਟਿਆ ਜਾ ਰਿਹਾ ਹੈ। ਜ਼ਿਆਦਾਤਰ ਲੋਕਾਂ ਦੀ ਮੌਤ ਸਮਾਗਮ ਵਾਲੀ ਥਾਂ ਉੱਤੇ ਹਾਈਵੇ ਦੇ ਦੂਜੇ ਪਾਸੇ ਹੋਈ ਹੈ। ਮੀਂਹ ਕਾਰਨ ਹਾਈਵੇ ਦੀ ਇਸ ਢਲਾਨ ਉੱਤੇ ਤਿਲਕਣ ਹੈ। ਚਸ਼ਮਦੀਦਾਂ ਦੇ ਮੁਤਾਬਕ, ਜੋ ਇਸ ਭਗਦੜ ਵਿੱਚ ਡਿੱਗਿਆ ਉਹ ਉੱਠ ਨਹੀਂ ਸਕਿਆ। ਦਿਨ ਵਿੱਚ ਪਏ ਮੀਂਹ ਕਾਰਨ ਮਿੱਟੀ ਗਿੱਲੀ ਸੀ ਅਤੇ ਤਿਲਕਣ ਸੀ, ਇਸ ਕਾਰਨ ਹਾਲਾਤ ਹੋਰ ਮੁਸ਼ਕਲ ਹੋ ਗਏ। ਨਾਰਾਇਣ ਸਾਕਾਰ ਵਿਸ਼ਵ ਹਰੀ ਉਰਫ਼ ‘ਭੋਲੇ ਬਾਬਾ’ ਦੇ ਨਿਕਲਣ ਲਈ ਵੱਖਰਾ ਰਾਹ ਬਣਾਇਆ ਗਿਆ ਸੀ। ਬਹੁਤ ਸਾਰੀਆਂ ਔਰਤਾਂ ਬਾਬਾ ਦੇ ਨੇੜਿਉਂ ਦਰਸ਼ਨ ਕਰਨ ਲਈ ਖੜ੍ਹੀਆਂ ਸਨ। ਜਿਵੇਂ ਹੀ ਸਤਿਸੰਗ ਖ਼ਤਮ ਹੋਇਆ। ਹਾਈਵੇ ਉੱਤੇ ਭੀੜ ਵਧ ਗਈ। ਨਾਰਾਇਣ ਸਾਕਾਰ ਜਦੋਂ ਆਪਣੀ ਗੱਡੀ ਵੱਲ ਜਾ ਰਹੇ ਸਨ, ਉਸੇ ਸਮੇਂ ਭਗਦੜ ਮੱਚ ਗਈ।
