ਚੰਡੀਗੜ੍ਹ, 5 ਜੁਲਾਈ : ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੱਤਰ ਜਾਰੀ ਕਰਕੇ MLA ਫਲੈਟ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਦੱਸ ਦਈਏ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਸੀ, ਜਿਸ ਦੇ ਚੱਲਦੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 3 ‘ਚ MLA ਫਲੈਟ ਨੰਬਰ 19 ਅਲਾਟ ਕੀਤਾ ਗਿਆ ਸੀ। ਜਿਥੇ ਰਾਜਾ ਵੜਿੰਗ ਨੂੰ MLA ਫਲੈਟ ਦੇ ਨਾਲ-ਨਾਲ ਨੌਕਰਾਂ ਦੇ ਕੁਆਰਟਰ ਅਤੇ ਮੋਟਰ ਗਰਾਜ ਵੀ ਅਲਾਟ ਹੋਏ ਸਨ। ਉਥੇ ਹੀ ਹੁਣ ਲੰਘੀਆਂ ਲੋਕ ਸਭਾ ਚੋਣਾਂ ‘ਚ ਰਾਜਾ ਵੜਿੰਗ ਲੁਧਿਆਣਾ ਤੋਂ ਸਾਂਸਦ ਚੁਣੇ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਵਿਧਾਨਸਭਾ ਦੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਚੱਲਦੇ ਨਿਯਮਾਂ ਅਨੁਸਾਰ ਜੋ ਪੰਜਾਬ ਵਿਧਾਨ ਸਭਾ ਦਾ ਵਿਧਾਇਕ ਨਹੀਂ ਰਹਿੰਦਾ ਉਸ ਨੂੰ 15 ਦਿਨਾਂ ਦੇ ਅੰਦਰ-ਅੰਦਰ ਫਲੈਟ ਨੂੰ ਖਾਲੀ ਕਰਨਾ ਹੁੰਦਾ ਹੈ।
ਸਰਕਾਰ ਵਲੋਂ ਜਾਰੀ ਨੋਟਿਸ ‘ਚ ਰਾਜਾ ਵੜਿੰਗ ਨੂੰ ਇਹ ਕਿਹਾ ਗਿਆ ਹੈ ਕਿ ਤੁਹਾਨੂੰ ਪੰਜਾਬ ਵਿਧਾਨ ਸਭਾ ਦਾ ਮੈਂਬਰ ਹੋਣ ਦੇ ਨਾਤੇ MLA ਫਲੈਟ ਨੰਬਰ 19 ਅਲਾਟ ਕੀਤਾ ਗਿਆ ਸੀ। ਉਥੇ ਹੀ ਤੁਸੀਂ ਹੁਣ ਵਿਧਾਨ ਸਭਾ ਦੇ ਮੈਂਬਰ ਨਹੀਂ ਰਹੇ ਹੋ ਤਾਂ ਤੁਸੀਂ ਇਹ ਫਲੈਟ 15 ਦਿਨਾਂ ਦੇ ਅੰਦਰ ਖਾਲੀ ਕਰਨਾ ਸੀ। ਉਥੇ ਹੀ ਜੇਕਰ 15 ਦਿਨਾਂ ਦੇ ਅੰਦਰ ਫਲੈਟ ਖਾਲੀ ਨਹੀਂ ਕੀਤਾ ਗਿਆ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨੋਟਿਸ ‘ਚ ਲਿਖਿਆ ਗਿਆ ਹੈ ਕਿ 15 ਦਿਨਾਂ ਤੋਂ ਬਾਅਦ ਪਹਿਲੇ 15 ਦਿਨਾਂ ‘ਚ ਕਿਫਾਇਤੀ ਕਿਰਾਇਆ ਵਸੂਲਿਆ ਜਾਵੇਗਾ, ਜਦਕਿ ਉਸ ਤੋਂ ਬਾਅਦ ਕਿਫਾਇਤੀ ਕਿਰਾਏ ਦਾ 160 ਗੁਣਾ ਵਸੂਲ ਕੀਤਾ ਜਾਵੇਗਾ।
