ਪਟਿਆਲਾ, 20 ਜੁਲਾਈ : ਨਿਊਜ਼ਲਾਈਨ ਐਕਸਪ੍ਰੈਸ – ਸਰਕਾਰੀ ਮੈਡੀਕਲ ਕਾਲਜ ਦੀ ਵਿਦਿਆਰਥਣ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਹੈ। ਚੇਨਈ ਦੀ ਰਹਿਣ ਵਾਲੀ 30 ਸਾਲ ਦੀ ਸੁਭਾਸ਼ਨੀ ਦੀ ਲਾਸ਼ ਸ਼ਨੀਵਾਰ ਦੁਪਹਿਰ ਨੂੰ ਹੋਸਟਲ ਦੇ ਕਮਰੇ ’ਚੋਂ ਮਿਲੀ। ਨਿਊ ਅਫਸਰ ਚੌਕੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਫੋਰੈਂਸਿਕ ਟੀਮ ਨੂੰ ਸੂਚਿਤ ਕੀਤਾ। ਸੁਭਾਸ਼ਨੀ ਐਨਸਥੀਸੀਆ ਵਿਭਾਗ ਵਿਚ ਪੜ੍ਹਦੀ ਸੀ ਤੇ ਆਖਰੀ ਸਾਲ ਦੀ ਵਿਦਿਆਰਥਣ ਸੀ। ਇਸ ਸਬੰਧੀ ਮਿ੍ਤਕਾ ਦੇ ਪਰਿਵਰਾਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਐਤਵਾਰ ਨੂੰ ਪਟਿਆਲਾ ਪੁੱਜਣਗੇ। ਪਰਿਵਾਰ ਦੇ ਆਉਣ ’ਤੇ ਹੀ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਪੁਲਿਸ ਚੌਂਕੀ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕਰੀਬ ਇਕ ਵਜੇ ਸੂਚਨਾ ਮਿਲੀ। ਮੁੱਢਲੀ ਜਾਂਚ ਵਿਚ ਪਤਾ ਲੱਗਿਆ ਕਿ ਵਿਦਿਆਰਥਣ ਸ਼ੁੱਕਰਵਾਰ ਰਾਤ ਨੂੰ ਹੋਸਟਲ ਦੇ ਕਮਰੇ ਵਿਚ ਗਈ ਸੀ, ਸ਼ਨਿਚਰਵਾਰ ਸਵੇਰੇ ਉਹ ਕਮਰੇ ਵਿਚੋਂ ਬਾਹਰ ਨਹੀਂ ਆਈ, ਕਮਰਾ ਅੰਦਰੋਂ ਬੰਦ ਸੀ, ਜਿਸ ਤੋਂ ਬਾਅਦ ਸਾਥੀ ਵਿਦਿਆਰਥੀਆਂ ਨੇ ਹੋਸਟਲ ਵਾਰਡਨ ਨੂੰ ਸੂਚਨਾ ਦਿੱਤੀ। ਵਾਰਡਨ ਨੇ ਦਰਵਾਜ਼ਾ ਖੋਲਿ੍ਆ ਤਾਂ ਅੰਦਰ ਸੁਭਾਸ਼ਨੀ ਬੇਸੁੱਧ ਪਈ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।
