ਬਰਨਾਲਾ : ਨਿਊਜ਼ਲਾਈਨ ਐਕਸਪ੍ਰੈਸ – ਕਰੀਬ 4 ਸਾਲ ਪਹਿਲਾਂ ਦੇਸ਼ ‘ਚ ਲੌਕਡਾਊਨ ਦੌਰਾਨ ਬਜਾਜ ਫਾਈਨਾਂਸ ਕੰਪਨੀ ਲਿਮਟਿਡ ਵੱਲੋਂ ਆਪਣੇ ਇੱਕ ਖਪਤਕਾਰ ਨੂੰ ਬਿਨਾਂ ਦੱਸੇ ਕਿਸ਼ਤਾਂ ਛੋਟੀਆਂ ਕਰਨਾ ਅਤੇ ਹਰਾਸਮੈਂਟ ਕਰਨਾ ਬਹੁਤ ਮਹਿੰਗਾ ਪੈ ਗਿਆ। ਜਿਸਨੂੰ ਜ਼ਿਲ੍ਹਾ ਉਪਭੋਗਤਾ ਅਦਾਲਤ ਨੇ 30 ਹਜ਼ਾਰ ਰੁਪਏ ਦਾ ਜੁਰਮਾਨਾ ਠੋਕਿਆ ਹੈ। ਵਿਆਜ ਦੇ ਜੋੜੇ ਗਏ 15 ਹਜ਼ਾਰ ਰੁਪਏ ਰਿਮੂਵ ਕਰਨ ਅਤੇ 45 ਦਿਨਾਂ ਅੰਦਰ ਹੁਕਮਾਂ ‘ਤੇ ਅਮਲ ਕਰਨ ਲਈ ਫ਼ੈਸਲਾ ਸੁਣਾਇਆ ਗਿਆ ਅਤੇ ਕੰਪਨੀ ਦੇ ਅਧਿਕਾਰੀਆਂ ਨੂੰ ਫਟਕਾਰ ਵੀ ਲਗਾਈ ਗਈ।
ਸ਼ਿਕਾਇਤਕਰਤਾ ਸੰਦੀਪ ਕੁਮਾਰ ਦੇ ਵਕੀਲਾਂ ਐਡਵੋਕੇਟ ਹਿਮਾਂਸ਼ੂ ਗਰਗ ਅਤੇ ਨਵਰਾਜ ਸਿੰਘ ਨੇ ਦੱਸਿਆ ਕਿ ਸੰਦੀਪ ਕੁਮਾਰ ਨੇ ਸਾਲ 2019 ਦੌਰਾਨ ਬਜਾਜ ਫਾਈਨਾਂਸ ਕੰਪਨੀ ਲਿਮਟਿਡ ਪਾਸੋਂ ਕਰੀਬ ਡੇਢ ਲੱਖ ਰੁਪਏ ਕਰਜ਼ਾ ਲਿਆ ਸੀ। ਪਰ ਦੇਸ਼ ਅੰਦਰ 2020 ਦੌਰਾਨ ਲੱਗੇ ਲੋਕਡਾਊਨ ਸਮੇਂ ਫਾਈਨਾਂਸ ਕੰਪਨੀ ਨੇ ਕਿਸ਼ਤ ਛੋਟੀ ਕਰਕੇ 15 ਹਜ਼ਾਰ ਰੁਪਏ ਵਿਆਜ਼ ਜੋੜ ਦਿੱਤਾ ਸੀ। ਪਤਾ ਲੱਗਣ ‘ਤੇ ਕੰਪਨੀ ਨੂੰ ਪੁੱਛਿਆ ਗਿਆ ਕਿ ਖਪਤਕਾਰ ਨੂੰ ਇਸ ਬਾਬਤ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ ਤਾਂ ਕੰਪਨੀ ਨੇ ਕਿਹਾ ਕਿ ਮੈਸੇਜ ਭੇਜਣ ‘ਤੇ ਜੋ OTP ਕੰਨਫਰਮ ਹੋਇਆ ਸੀ, ਉਸੇ ਅਧਾਰ ‘ਤੇ ਵਿਆਜ਼ ਜੋੜਿਆ ਗਿਆ ਹੈ। ਜਦੋਂਕਿ ਕੰਪਨੀ ਵੱਲੋਂ ਉਸਨੂੰ ਨਾ ਤਾਂ ਕੋਈ ਮੈਸੇਜ ਆਇਆ ਅਤੇ ਨਾ ਹੀ ਉਸ ਵੱਲੋਂ ਕੋਈ OTP ਕੰਨਫਰਮ ਕੀਤਾ ਗਿਆ ਸੀ। ਇਸ ਠੱਗੀ ਹੋਣ ਨੂੰ ਲੈਕੇ ਉਸਨੂੰ ਜ਼ਿਲ੍ਹਾ ਉਪਭੋਗਤਾ ਅਦਾਲਤ ਦਾ ਦਰਵਾਜ਼ਾ ਖਟਖਟਾਉਣ ਲਈ ਮਜਬੂਰ ਹੋਣਾ ਪਿਆ।
