– ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਸੂਬੇ ਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਤਿੰਨ-ਨੁਕਾਤੀ ਰਣਨੀਤੀ ਲਾਗੂ
– ਹਰੇਕ ਪੁਲਿਸ ਜ਼ਿਲ੍ਹੇ ਵਿੱਚ ਇਸ ਵਿਸ਼ੇਸ਼ ਆਪ੍ਰੇਸ਼ਨ ਦੀ ਸਫਲਤਾ ਲਈ ਸਪੈਸ਼ਲ ਡੀਜੀਪੀ/ਏਡੀਜੀਪੀ/ਆਈਜੀਪੀ/ਡੀਆਈਜੀ ਰੈਂਕ ਦੇ ਅਫ਼ਸਰਾਂ ਵੱਲੋਂ ਨਿੱਜੀ ਤੌਰ ’ਤੇ ਕੀਤੀ ਗਈ ਨਿਗਰਾਨੀ
– 600 ਤੋਂ ਵੱਧ ਪੁਲਿਸ ਟੀਮਾਂ ਨੇ ਪੰਜਾਬ ਵਿੱਚ 268 ਡਰੱਗ ਹਾਟਸਪੌਟਸ ’ਤੇ ਚਲਾਇਆ ਤਲਾਸ਼ੀ ਤੇ ਘੇਰਾਬੰਦੀ ਅਭਿਆਨ ਚਲਾਇਆ : ਐਸਪੀਐਲ ਡੀਜੀਪੀ ਅਰਪਿਤ ਸ਼ੁਕਲਾ
ਚੰਡੀਗੜ੍ਹ, 8 ਜਨਵਰੀ: ਨਿਊਜ਼ਲਾਈਨ ਐਕਸਪ੍ਰੈਸ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਸੋਮਵਾਰ ਨੂੰ ਨਸ਼ਿਆਂ ਦੀ ਖ਼ਰੀਦ-ਫਰੋਖ਼ਤ ਜਾਂ ਹੋਰ ਗਤੀਵਿਤਧੀਆਂ ਸਬੰਧੀ ਸੰਵੇਦਨਸ਼ੀਲ ਥਾਵਾਂ ਵਿੱਚ ਵੱਡੇ ਪੱਧਰ ’ਤੇ ਰਾਜ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਕਾਸੋ) ਚਲਾਇਆ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਇਹ ਅਭਿਆਨ ਸੂਬੇ ਦੇ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਚਲਾਇਆ ਗਿਆ।
ਇਹ ਆਪ੍ਰੇਸ਼ਨ ਸੂਬੇ ਭਰ ਵਿੱਚ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਇੱਕੋ ਸਮੇਂ ਚਲਾਇਆ ਗਿਆ ਅਤੇ ਪੰਜਾਬ ਪੁਲਿਸ ਹੈੱਡਕੁਆਰਟਰ ਦੇ ਸਪੈਸ਼ਲ ਡੀਜੀਪੀ/ਏਡੀਜੀਪੀ/ਆਈਜੀਪੀ/ਡੀਆਈਜੀ ਰੈਂਕ ਦੇ ਅਧਿਕਾਰੀਆਂ ਨੂੰ ਹਰੇਕ ਪੁਲਿਸ ਜ਼ਿਲ੍ਹੇ ਵਿੱਚ ਨਿੱਜੀ ਤੌਰ ’ਤੇ ਕਾਰਵਾਈ ਦੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ।
ਸੀਪੀਜ਼/ਐਸਐਸਪੀਜ਼ ਨੂੰ ਕਿਹਾ ਗਿਆ ਕਿ ਉਹ ਪੂਰੀ ਸਾਵਧਾਨੀ ਤੇ ਸਤਰਕਤਾ ਨਾਲ ਯੋਜਨਾ ਬਣਾਉਣ ਲਈ ਆਪੋ-ਆਪਣੇ ਸਬੰਧਤ ਜ਼ਿਲਿ੍ਹਆਂ ਵਿੱਚ ਨਸ਼ੀਲੇ ਪਦਾਰਥਾਂ ਅਤੇ ਮੈਡੀਕਲ ਨਸ਼ੇ ਦੀ ਵਿਕਰੀ ਵਾਲੇ ਪੁਆਇੰਟਾਂ ਜਾਂ ਅਜਿਹੀਆਂ ਥਾਵਾਂ ( ਡਰੱਗ ਹੌਟਸਪੌਟਸ), ਜੋ ਨਸ਼ਾ ਤਸਕਰਾਂ ਦੀਆਂ ਪਨਾਹਗਾਹਾਂ ਹਨ ਅਤੇ ਜਿੱਥੇ ਉਹ ਧੜੱਲੇ ਨਾਲ ਆਪਣੀਆਂ ਨਾਜਾਇਜ਼ ਗਤੀਵਿਧੀਅ ਨੂੰ ਅੰਜਾਮ ਦੇਣ ਲਈ ਸੁਰੱਖਿਅਤ ਹਨ, ਦੀ ਪਛਾਣ ਕਰਨ ਤਾਂ ਜੋ ਭਾਰੀ ਪੁਲਿਸ ਤਾਇਨਾਤੀ ਨਾਲ ਇਸ ਆਪ੍ਰੇਸ਼ਨ ਨੂੰ ਸਫ਼ਲ ਬਣਾਇਅ ਜਾ ਸਕੇ।
ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਜਿੰਨ੍ਹਾਂ ਨੇ ਫਤਹਿਗੜ੍ਹ ਸਾਹਿਬ ਵਿਖੇ ਦੀ ਐਸਐਸਪੀ ਰਵਜੋਤ ਕੌਰ ਗਰੇਵਾਲ ਨਾਲ ਇਸ ਆਪ੍ਰੇਸ਼ਨ ਦੀ ਅਗਵਾਈ ਕੀਤੀ, ਨੇ ਕਿਹਾ ਕਿ ਰਾਜ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਨੁਕਾਤੀ ਰਣਨੀਤੀ-ਇਨਫੋਰਸਮੈਂਟ, ਰੋਕਥਾਮ ਅਤੇ ਮੁੜ ਵਸੇਬਾ ਲਾਗੂ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਪੁਲਿਸ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਹਿਕਾ ਕਿ ਇਸ ਤਰ੍ਹਾਂ ਦੇ ਵੱਡੇ ਪੱਧਰ ’ਤੇ ਅਜਿਹੇ ਕਾਸੋ ਆਪ੍ਰੇਸ਼ਨ ਨਾ ਸਿਰਫ਼ ਸਮਾਜ ਵਿਰੋਧੀ ਤੱਤਾਂ ਵਿੱਚ ਖ਼ੌਫ ਪੈਦਾ ਕਰਨ ਵਿੱਚ ਮਦਦ ਕਰਦੇ ਹਨ, ਸਗੋਂ ਲੋਕਾਂ ਦਾ ਭਰੋਸਾ ਵਧਾਉਂਦੇ ਹਨ ਅਤੇ ਖੇਤਰ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਵੀ ਵਧਾਉਂਦੇ ਹਨ।
ਸਪੈਸ਼ਲ ਡੀਜੀਪੀ ਨੇ ਦੱਸਿਆ ਕਿ 9000 ਤੋਂ ਵੱਧ ਪੁਲਿਸ ਕਰਮੀਆਂ ਦੀ ਨਫ਼ਰੀ ਵਾਲੀਆਂ 600 ਤੋਂ ਵੱਧ ਪੁਲਿਸ ਟੀਮਾਂ ਨੇ 268 ਡਰੱਗ ਹੌਟਸਪੌਟਸ ਦੀ ਘੇਰਾਬੰਦੀ ਕੀਤੀ ਅਤੇ 5505 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ।
ਆਪਰੇਸ਼ਨ ਦੌਰਾਨ, ਪੁਲਿਸ ਨੇ 202 ਐਫਆਈਆਰ ਦਰਜ ਕਰਕੇ 48 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ 21 ਭਗੌੜੇ ਅਪਰਾਧੀਆਂ (ਪੀਓ) ਨੂੰ ਵੀ ਹਿਰਾਸਤ ਵਿੱਚ ਲਿਆ।
ਇਸ ਸਬੰਧੀ ਨਤੀਜੇ ਸਾਂਝੇ ਕਰਦਿਆਂ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ 1.9 ਕਿਲੋ ਹੈਰੋਇਨ, 6.80 ਲੱਖ ਰੁਪਏ ਦੀ ਡਰੱਗ ਮਨੀ, 1.1 ਕਿਲੋ ਅਫੀਮ, 87.5 ਕਿਲੋ ਭੁੱਕੀ, 10125 ਨਸ਼ੀਲੀਆਂ ਗੋਲੀਆਂ, 18 ਟੀਕੇ, 885 ਲੀਟਰ ਨਜਾਇਜ਼ ਸ਼ਰਾਬ ਅਤੇ 12350 ਲੀਟਰ ਲਾਹਣ ਦੀ ਬਰਾਮਦਗੀ ਤੋਂ ਇਲਾਵਾ 16 ਮੋਟਰਸਾਈਕਲ ਅਤੇ ਇਕ ਕਾਰ ਵੀ ਜ਼ਬਤ ਕੀਤੀ ਹੈ।
ਦੱਸਣਯੋਗ ਹੈ ਕਿ ਜ਼ਿਲ੍ਹਾ ਪੁਲਿਸ ਬਲਾਂ ਵੱਲੋਂ ਅੰਕੜਿਆਂ ਦੇ ਵਿਸ਼ਲੇਸ਼ਣ ਰਾਹੀਂ ਨਸ਼ਿਆਂ ਦੇ ਹੌਟਸਪੌਟਸ ਦੀ ਸ਼ਨਾਖਤ ਕਰਨ ਤੋਂ ਬਾਅਦ ਇਹ ਆਪ੍ਰੇਸ਼ਨ ਚਲਾਇਆ ਗਿਆ ।