ਰੇਲਵੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਅਤੇ ਜ਼ਖ਼ਮੀਆਂ ਨੂੰ 5 ਲੱਖ ਰੁਪਏ ਦੇਣ ਦਾ ਐਲਾਨ
ਕੋਲਕਾਤਾ, 30 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ਵਿੱਚ ਅੱਜ ਤੜਕੇ ਹਾਵੜਾ-ਮੁੰਬਈ ਮੇਲ ਦੇ ਘੱਟੋ-ਘੱਟ 18 ਡੱਬੇ ਪੱਟੜੀ ਤੋਂ ਉਤਰਨ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 20 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਤੜਕੇ ਪੌਣੇ ਚਾਰ ਵਜੇ ਦੱਖਣੀ-ਪੂਰਬੀ ਰੇਲਵੇ (ਐੱਸਈਆਰ) ਦੇ ਚੱਕਰਧਰਪੁਰ ਮੰਡਲ ਦੇ ਅਧੀਨ ਜਮਸ਼ੇਦਪੁਰ ਤੋਂ ਲਗਪਗ 80 ਕਿਲੋਮੀਟਰ ਦੂਰ ਬੜਾਬੰਬੂ ਨੇੜੇ ਵਾਪਰਿਆ। ਐੱਸਈਆਰ ਦੇ ਬੁਲਾਰੇ ਓਮ ਪ੍ਰਕਾਸ਼ ਚਰਨ ਨੇ ਦੱਸਿਆ ਕਿ ਨਾਲ ਹੀ ਇੱਕ ਮਾਲਗੱਡੀ ਵੀ ਪੱਟੜੀ ਤੋਂ ਉਤਰ ਗਈ ਹੈ। ਹਾਲਾਂਕਿ, ਇਹ ਸਾਫ਼ ਨਹੀਂ ਹੋ ਸਕਿਆ ਕਿ ਕੀ ਦੋਵੇਂ ਹਾਦਸੇ ਇਕੱਠੇ ਵਾਪਰੇ ਹਨ। ਉਨ੍ਹਾਂ ਕਿਹਾ ਕਿ ਬਚਾਅ ਮੁਹਿੰਮ ਜਾਰੀ ਹੈ ਅਤੇ ਐੱਨਡੀਆਰਐੱਫ ਦੀ ਇੱਕ ਟੀਮ ਘਟਨਾ ਸਥਾਨ ’ਤੇ ਪਹੁੰਚ ਗਈ ਹੈ। ਰੇਲਵੇ ਨੇ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਦਸ-ਦਸ ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਉਧਰ, ਕਾਂਗਰਸ ਨੇ ਇਸ ਘਟਨਾ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਭਾਰਤ ਵਿੱਚ ਕੋਈ ਜਵਾਬਦੇਹੀ ਤੈਅ ਨਹੀਂ ਹੁੰਦੀ, ਕਿਸੇ ਦਾ ਅਸਤੀਫ਼ਾ ਨਹੀਂ ਲਿਆ ਜਾਂਦਾ ਅਤੇ ਸਿਰਫ਼ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵਿਅੰਗ ਕਰਦਿਆਂ ਕਿਹਾ ਕਿ ਇੱਕ ਤੋਂ ਬਾਅਦ ਇੱਕ ਰੇਲ ਹਾਦਸਿਆਂ ਦੇ ਬਾਵਜੂਦ ਰੇਲ ਮੰਤਰੀ ਅਸ਼ਿਵਨੀ ਵੈਸ਼ਣਵ ਦੀ ‘ਪੀਆਰ ਮਸ਼ੀਨ’ ਜਾਰੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੀ ਕੇਂਦਰ ਦੀ ਸੰਵੇਦਨਹੀਣਤਾ ਦਾ ਕੋਈ ਅੰਤ ਨਹੀਂ ਹੋਵੇਗਾ।