???? ਹਰਜੋਤ ਸਿੰਘ ਬੈਂਸ ਵੱਲੋਂ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਯੁੱਗ ‘ਚ ਦੁਬਾਰਾ ਕਿਤਾਬਾਂ ਤੇ ਆਪਣੇ ਵਿਰਸੇ ਨਾਲ ਜੁੜਨ ਦਾ ਸੱਦਾ
???? ਭਾਸ਼ਾ ਵਿਭਾਗ ਨੂੰ ਵਿੱਤੀ ਤੌਰ ‘ਤੇ ਸਮਰੱਥ ਬਣਾਇਆ ਜਾਵੇਗਾ-ਬੈਂਸ
???? ਕਿਹਾ, ਅਗਲੇ ਵਰ੍ਹੇ ਦੀਵਾਲੀ ਤੇ ਹੋਰ ਵੱਡੇ ਤਿਉਹਾਰਾਂ ਮੌਕੇ ਤੋਹਫ਼ਿਆਂ ਦੇ ਰੂਪ ‘ਚ ਪੁਸਤਕਾਂ ਦੇਣ ਲਈ ਭਾਸ਼ਾ ਵਿਭਾਗ ਚਲਾਏਗਾ ਮੁਹਿੰਮ
???? ਭਾਸ਼ਾ ਵਿਭਾਗ ਵੱਲੋਂ ਕਰਵਾਏ ਪੰਜਾਬੀ ਮਾਹ-2024 ਦੇ ਵਿਦਾਇਗੀ ਸਮਾਗਮ ‘ਚ ਪੁੱਜੇ ਹਰਜੋਤ ਸਿੰਘ ਬੈਂਸ
????15 ਸਾਹਿਤਕਾਰਾਂ ਨੂੰ ਪ੍ਰਦਾਨ ਕੀਤੇ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ
ਪਟਿਆਲਾ, 30 ਨਵੰਬਰ: ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਭਾਸ਼ਾ ਭਵਨ ਵਿਖੇ ਪੰਜਾਬ ਸਰਕਾਰ ਦੀ ਰਹਿਨੁਮਾਈ ‘ਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਮਨਾਏ ਗਏ ਪੰਜਾਬੀ ਮਾਹ-2024 ਦੇ ਵਿਦਾਇਗੀ ਸਮਾਰੋਹ ਦੌਰਾਨ ਕਿਹਾ ਕਿ ਭਾਸ਼ਾ ਵਿਭਾਗ ਨੂੰ ਵਿੱਤੀ ਤੌਰ ‘ਤੇ ਸਮਰੱਥ ਬਣਾਇਆ ਜਾਵੇਗਾ।
ਹਰਜੋਤ ਸਿੰਘ ਬੈਂਸ, ਜਿਨ੍ਹਾਂ ਕੋਲ, ਸਕੂਲ, ਉਚੇਰੀ ਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੀ ਹਨ, ਨੇ ਲੋਕਾਂ ਨੂੰ ਪੁਸਤਕਾਂ ਨੂੰ ਆਪਣੇ ਜੀਵਨ ਤੇ ਸਹਿਚਾਰ ਦਾ ਹਿੱਸਾ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਯੁੱਗ ‘ਚ ਮੁੜ ਤੋਂ ਕਿਤਾਬਾਂ ਅਤੇ ਆਪਣੇ ਵਿਰਸੇ ਨਾਲ ਜੁੜਨ ਦੀ ਲੋੜ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਭਾਸ਼ਾ ਵਿਭਾਗ ਮਿਆਰੀ ਸਾਹਿਤ ਪਾਠਕਾਂ ਦੀ ਝੋਲੀ ਪਾਵੇ ਅਤੇ ਆਪਣੇ ਪੈਰਾਂ ‘ਤੇ ਖੜ੍ਹਾ ਹੋਵੇ।ਉਨ੍ਹਾਂ ਕਿਹਾ ਅਗਲੇ ਵਰ੍ਹੇ ਦੀਵਾਲੀ ਵਰਗੇ ਵੱਡੇ ਤਿਉਹਾਰਾਂ ਮੌਕੇ ਤੋਹਫਿਆਂ ਦੇ ਰੂਪ ‘ਚ ਪੁਸਤਕਾਂ ਦੇਣ ਲਈ ਭਾਸ਼ਾ ਵਿਭਾਗ ਇੱਕ ਮੁਹਿੰਮ ਚਲਾਏਗਾ।
ਉਨ੍ਹਾਂ ਨੇ ਕਿਹਾ ਕਿ ਭਾਸ਼ਾ ਵਿਭਾਗ ਨਾਲ ਜੁੜਕੇ ਲੋਕ ਇੱਥੇ ਪਏ ਦੁਨੀਆਂ ਦੇ ਸਭ ਤੋਂ ਬਿਹਤਰ ਤੇ ਅਮੀਰ ਸਾਹਿਤ ਤੇ ਕਿਤਾਬਾਂ ਨਾਲ ਦੋਸਤੀ ਕਰ ਸਕਦੇ ਹਨ। ਉਨ੍ਹਾਂ ਨੇ ਪੰਜਾਬੀ ਮਾਹ ਦੌਰਾਨ ਭਾਸ਼ਾ ਵਿਭਾਗ ਨੂੰ ਪੁਸਤਕਾਂ ਦੀ ਵਿਕਰੀ ਤੋਂ ਸੱਤ ਲੱਖ ਰੁਪਏ ਦੀ ਹੋਈ ਆਮਦਨ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਸਾਡੇ ਲੋਕਾਂ ‘ਚ ਅੱਜ ਵੀ ਪੜ÷ ੍ਹਨ ਦੀ ਰੁਚੀ ਮੌਜੂਦ ਹੈ ਪਰ ਇਸ ਨੂੰ ਹੋਰ ਉਜਾਗਰ ਕਰਨ ਦੀ ਲੋੜ ਹੈ।ਸਮਾਗਮ ਮੌਕੇ ਹਿੰਦੀ (2023 ਤੇ 2024), ਸੰਸਕ੍ਰਿਤ (2023 ਤੇ 2024) ਤੇ ਉਰਦੂ (2024) ਦੇ ਸਰਵੋਤਮ ਸਾਹਿਤਕ ਪੁਸਤਕ ਪ੍ਰਦਾਨ ਕੀਤੇ ਗਏ ਤੇ ਭਾਸ਼ਾ ਵਿਭਾਗ ਦੀਆਂ ਪੁਸਤਕਾਂ ‘ਸ੍ਰੀ ਗੁਰੂ ਤੇਗ ਬਹਾਦਰ ਦਰਸ਼ਨ’ ਅਤੇ ‘ਤਾਰੀਖੇ ਪਟਿਆਲਾ’ ਲੋਕ ਅਰਪਣ ਕੀਤੀਆਂ ਗਈਆਂ।
ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਜਸਵੰਤ ਸਿੰਘ ਜ਼ਫ਼ਰ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਵੱਜੋਂ ਅਹੁਦਾ ਸੰਭਾਲਣ ਨਾਲ ਵਿਭਾਗ ਵਿੱਚ ਨਵੀਂ ਊਰਜਾ ਪੈਦਾ ਹੋਈ ਹੈ।ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਐਨ.ਸੀ.ਸੀ ਦੀ ਵਿਦਿਆਰਥੀਆਂ ਨੂੰ ਸਹੀ ਰਸਤਾ ਦਿਖਾਉਣ ਲਈ ਬਹੁਤ ਵੱਡੀ ਦੇਣ ਹੈ, ਇਸ ਲਈ ਐਨ.ਸੀ.ਸੀ ਨੂੰ ਬਦਲਵੇਂ ਪ੍ਰਬੰਧ ਕਰਕੇ ਦੇਣ ਉਪਰੰਤ ਸਾਹਿਤ ਸਦਨ ਖਾਲੀ ਕਰਵਾਇਆ ਜਾਵੇਗਾ। ਉਨ੍ਹਾਂ ਨੇ ਇੱਕ ਹੋਰ ਸਵਾਲ ਦੇ ਜਵਾਬ ‘ਚ ਆਖਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਮੰਤਰੀ ਵਿਦੇਸ਼ੀ ਦੌਰੇ ਨਹੀਂ ਕਰਦੇ ਸਗੋਂ ਸਰਕਾਰੀ ਸਕੂਲਾਂ ਦੇ ਅਧਿਆਪਕ ਟ੍ਰੇਨਿੰਗ ਲਈ ਵਿਦੇਸ਼ਾਂ ਵਿੱਚ ਭੇਜੇ ਜਾ ਰਹੇ ਹਨ।
ਇਸ ਮੌਕੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਵਿਦਾਇਗੀ ਭਾਸ਼ਨ ‘ਚ ਇੱਕ ਮਹੀਨੇ ਦੌਰਾਨ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਪੰਜਾਬੀ ਮਾਹ-2024 ਦੀ ਸ਼ੁਰੂਆਤ ਬੜੇ ਖੁਸ਼ਨੁਮਾ ਤੇ ਤਸੱਲੀਬਖਸ਼ ਅੰਦਾਜ਼ ‘ਚ ਹੋਈ ਤੇ ਵਿਭਾਗ ਨੇ ਕਈ ਮੱਲਾਂ ਮਾਰੀਆਂ।
ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਭਾਸ਼ਾ ਵਿਭਾਗ ਕੋਲ ਦੁਨੀਆ ਦੇ ਸਾਹਿਤ ਦਾ ਅਨਮੋਲ ਖ਼ਜ਼ਾਨਾ ਪਿਆ ਹੈ ਜਿਸ ਨੂੰ ਵੱਧ ਤੋਂ ਪ੍ਰਕਾਸ਼ਿਤ ਕਰਕੇ ਪਾਠਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ ਅਤੇ ਵਿਸ਼ਵ ਦੇ ਚੋਟੀ ਦੇ ਸਾਹਿਤ ਨੂੰ ਵੀ ਪੰਜਾਬੀ ‘ਚ ਅਨੁਵਾਦ ਕਰਕੇ, ਪ੍ਰਕਾਸ਼ਿਤ ਕਰਨਾ ਚਾਹੀਦਾ ਹੈ। ਸ਼੍ਰੋਮਣੀ ਪੰਜਾਬੀ ਆਲੋਚਕ ਡਾ. ਸੁਰਜੀਤ ਸਿੰਘ ਭੱਟੀ ਨੇ ਪ੍ਰਧਾਨਗੀ ਭਾਸ਼ਣ ‘ਚ ਕਿਹਾ ਪੰਜਾਬੀ ਮਿਠਾਸ, ਮੁਹੱਬਤ ਤੇ ਸਾਂਝਾ ਵੰਡਣ ਵਾਲੀ ਭਾਸ਼ਾ ਹੈ ਤੇ ਇਸ ਭਾਸ਼ਾ ਦੀ ਖੂਬਸੂਰਤੀ ਇਹ ਹੈ ਕਿ ਇਸ ਵਿੱਚ ਜੀਵਨ ਦੇ ਹਰ ਪੜਾਅ ਨਾਲ ਸਬੰਧਤ ਸਾਹਿਤ ਮਿਲਦਾ ਹੈ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ।
