???? ਸਿਹਤ ਮੰਤਰੀ ਦੀ ਕੋਠੀ ਨੇੜੇ ਬੇਰੁਜ਼ਗਾਰਾਂ ਨਾਲ ਧੱਕਾਮੁੱਕੀ
ਪਟਿਆਲਾ, 30 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਸਿਹਤ ਵਿਭਾਗ ਵਿੱਚ ਐਲਾਨ ਹੋਈਆਂ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ 270 ਪੋਸਟਾਂ ਦਾ ਉਮਰ ਹੱਦ ਛੋਟ ਦੇ ਕੇ ਇਸ਼ਤਿਹਾਰ ਜਾਰੀ ਕਰਵਾਉਣ ਦੀ ਮੰਗ ਕਰਦੇ ਬੇਰੁਜ਼ਗਾਰਾਂ ਨੂੰ ਮੁੜ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੇਰੁਜ਼ਗਾਰਾਂ ਦੀ ਪੁਲਿਸ ਨਾਲ ਧੱਕਾਮੁੱਕੀ ਹੋ ਗਈ।

ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਬੇਰੁਜ਼ਗਾਰਾਂ ਨੇ ਸਥਾਨਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ ਪਾਸੀ ਰੋਡ ਵਾਲੀ ਪਾਰਕ ਤੋ ਜਿਵੇਂ ਹੀ ਰੋਸ ਮਾਰਚ ਸ਼ੁਰੂ ਕੀਤਾ ਤਾਂ ਪੁਲਿਸ ਪ੍ਰਸਾਸਨ ਵੱਲੋ ਸਖ਼ਤ ਪੁਲਿਸ ਰੋਕਾਂ ਲਗਾ ਕੇ ਵੱਡੀ ਗਿਣਤੀ ਵਿੱਚ ਮਹਿਲਾ ਪੁਲਿਸ ਕਰਮੀਆਂ ਸਮੇਤ ਮੁਲਾਜ਼ਮ ਤਾਇਨਾਤ ਕਰ ਦਿੱਤੇ।ਰੋਸ ਮਾਰਚ ਕਰਦੇ ਬੇਰੁਜ਼ਗਾਰਾਂ ਨੇ ਪੁਲਿਸ ਰੋਕਾਂ ਟੱਪ ਕੇ ਸਿਹਤ ਮੰਤਰੀ ਦੀ ਕੋਠੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਬੇਰੁਜ਼ਗਾਰਾਂ ਦੀ ਪੁਲਿਸ ਨਾਲ ਧੱਕਾਮੁੱਕੀ ਹੋ ਗਈ।ਆਖਰ ਤਹਿਸੀਲਦਾਰ ਹਮੀਰ ਸਿੰਘ ਨੇ ਮੰਗ ਪੱਤਰ ਹਾਸਲ ਕਰਕੇ ਬੇਰੁਜ਼ਗਾਰਾਂ ਦੀ 4 ਅਪ੍ਰੈਲ ਨੂੰ ਪ੍ਰਮੁੱਖ ਸਕੱਤਰ ਸਿਹਤ ਨਾਲ ਪੈਨਲ ਮੀਟਿੰਗ ਕਰਵਾਉਣ ਦੀ ਪੱਤ੍ਰਕਾ ਜਾਰੀ ਕਰਵਾਈ। ਇਸ ਉਪਰੰਤ ਬੇਰੁਜ਼ਗਾਰਾਂ ਨੇ ਧਰਨਾ ਸਮਾਪਤ ਕੀਤਾ।ਜਿਕਰਯੋਗ ਹੈ ਕਿ 16 ਮਾਰਚ ਨੂੰ ਬੇਰੁਜ਼ਗਾਰ ਪੁਲਿਸ ਰੋਕਾਂ ਟੱਪ ਕੇ ਬਿਲਕੁਲ ਸਿਹਤ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਪਹੁੰਚ ਗਏ ਸਨ।

ਯੂਨੀਅਨ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਅਨੇਕਾਂ ਵਾਰ ਸਥਾਨਕ ਪ੍ਰਸ਼ਾਸਨ ਨੇ ਸਿਹਤ ਮੰਤਰੀ ਨਾਲ ਮੀਟਿੰਗ ਕਰਵਾਉਣ ਦੇ ਲਾਰੇ ਲਗਾਏ ਹਨ।ਉਹਨਾਂ ਕਿਹਾ ਕਿ ਜੇਕਰ 4 ਅਪ੍ਰੈਲ ਦੀ ਮੀਟਿੰਗ ਵਿੱਚ ਬੇਰੁਜ਼ਗਾਰਾਂ ਨੂੰ ਉਮਰ ਹੱਦ ਛੋਟ ਦੇ ਕੇ ਓਵਰ ਏਜ਼ ਹੋ ਚੁੱਕੇ ਸਾਰੇ ਬੇਰੁਜ਼ਗਾਰਾਂ ਨੂੰ ਇੱਕ ਮੌਕਾ ਨਾ ਦਿੱਤਾ ਤਾਂ ਮੁੜ ਸਿਹਤ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਕਰਮਜੀਤ ਬਰਨਾਲਾ,ਕਰਮਜੀਤ ਸ਼ਰਮਾ ਭੈਣੀ,ਇੰਦਰਜੀਤ ਬੱਲੋ,ਲਖਵੀਰ ਮੌੜ,ਸੁਖਪਾਲ ਬੁਰਜ ਹਰੀ, ਰੁਪਿੰਦਰ ਸੁਨਾਮ,ਜਸਵੀਰ ਖੰਨਾ,ਕੁਲਦੀਪ ਪੁੰਨਾ ਵਾਲ,ਕੁਲਵਿੰਦਰ ਗਿੱਲ,ਧਰਮਿੰਦਰ ਮੁਕਤਸਰ,ਜੋਗਿੰਦਰ ਕਿਲੀ,ਗੁਰਪ੍ਰੀਤ ਭੁੱਚੋ,ਪਰਮਜੀਤ ਮਾਨਸਾ,ਸੁਖਰਾਜ ਦੋਦਾ,ਗੁਰਲਾਲ ਮੌੜ,ਮੱਖਣ ਸਿੰਘ ਤੋਗਵਾਲ,ਬਲਰਾਜ ਕਾਉਣੀ,ਜਗਜੀਤ ਕਾਉਣੀ,ਕੁਲਵਿੰਦਰ ਕੁਰਾਲੀ,ਅਸ਼ੀਸ਼ ਬਜਾਜ,ਚਮਕੌਰ ਸਿੰਘ ਅਤੇ ਜਸਵੀਰ ਸਿੰਘ ਖੰਨਾ,ਰਵਿੰਦਰ ਸਿੰਘ ਸ਼ਹੀਦ ਭਗਤ ਸਿੰਘ ਨਗਰ ਆਦਿ ਹਾਜ਼ਰ ਸਨ।
