-ਭਲਾਈ ਸਕੀਮਾਂ ਦਾ ਲਾਭ ਲੈਣ ਲਈ ਨਿਰਮਾਣ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰੇਸ਼ਨ ਕਰਵਾਉਣ ਉਸਾਰੀ ਕਿਰਤੀ
-3100 ਰੁਪਏ ਦੀ ਵਿੱਤੀ ਰਾਹਤ ਹਾਸਲ ਕਰਨ ਵਾਲੇ ਰਜਿਸਟਰਡ ਉਸਾਰੀ ਕਿਰਤੀਆਂ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ, ਕਿਹਾ ਘਰੇਲੂ ਲੋੜਾਂ ਹੋਈਆਂ ਪੂਰੀਆਂ
ਪਟਿਆਲਾ, 11 ਨਵੰਬਰ : ਸੁਨੀਤਾ ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਉਸਾਰੀ ਕਿਰਤੀਆਂ ਦੀ ਰੋਜ਼ੀ-ਰੋਟੀ ਨੂੰ ਪਹੁੰਚੇ ਨੁਕਸਾਨ ਨਾਲ ਪੈਦਾ ਹੋਈਆਂ ਦੁਸ਼ਵਾਰੀਆਂ ਘਟਾਉਣ ਲਈ ਦੀਵਾਲੀ ਮੌੇਕੇ ਐਲਾਨੀ 3100 ਰੁਪਏ ਦੀ ਵਿਤੀ ਸਹਾਇਤਾ ਸਿੱਧੀ ਉਸਾਰੀ ਕਿਰਤੀਆਂ ਦੇ ਖਾਤਿਆਂ ‘ਚ ਪੜਾਅਵਾਰ ਤਬਦੀਲ ਹੋਣ ਕਾਰਨ ਉਨ੍ਹਾਂ ਲਈ ਇਹ ਰਾਸ਼ੀ ਵਰਦਾਨ ਸਾਬਤ ਹੋ ਰਹੀ ਹੈ। ਅਜਿਹੀ ਰਾਸ਼ੀ ਹਾਸਲ ਕਰਨ ਵਾਲੇ ਪਟਿਆਲਾ ਜ਼ਿਲ੍ਹੇ ਦੇ ਕਿਰਤੀਆਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ।
ਇਸੇ ਦੌਰਾਨ ਪੰਜਾਬ ਦੇ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਤੇ ਸ਼ਿਕਾਇਤ ਨਿਵਾਰਨ ਵਿਭਾਗਾਂ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਨਿਰਮਾਣ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰਡ 87749 ਉਸਾਰੀ ਕਿਰਤੀਆਂ ਦੇ ਖਾਤਿਆਂ ‘ਚ ਮੁੱਖ ਮੰਤਰੀ ਵੱਲੋਂ ਐਲਾਨੀ ਵਿੱਤੀ ਸਹਾਇਤਾ ਪਾਈ ਜਾਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਇਹ ਵੀ ਐਲਾਨ ਕੀਤਾ ਸੀ ਕਿ ਹਰੇਕ ਉਸਾਰੀ ਕਿਰਤੀ ਨੂੰ 3100 ਰੁਪਏ ਦੀ ਅੰਤ੍ਰਿਮ ਵਿੱਤੀ ਰਾਹਤ ਦੀ ਇਕ ਹੋਰ ਕਿਸ਼ਤ ਦਿੱਤੀ ਜਾਵੇਗੀ।
ਸ੍ਰੀ ਬ੍ਰਹਮ ਮਹਿੰਦਰਾ ਨੇ ਉਸਾਰੀ ਕਿਰਤੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਿਰਮਾਣ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਆਪਣੀ ਰਜਿਸਟ੍ਰੇਸਨ ਕਰਵਾਉਣ।
ਇਸੇ ਦੌਰਾਨ 3100 ਰੁਪਏ ਦੀ ਰਾਸ਼ੀ ਹਾਸਲ ਕਰਨ ਵਾਲੇ ਕਿਰਤੀ ਕਾਮਿਆਂ, ਭਾਨਰੇ ਦੇ ਜਗਦੀਪ ਸਿੰਘ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸਦੇ ਘਰ ਬੱਚਾ ਪੈਦਾ ਹੋਇਆ ਸੀ ਅਤੇ ਕੰਮ ਵੀ ਕੁਝ ਘੱਟ ਚੱਲ ਰਿਹਾ ਸੀ, ਜਿਸ ਕਰਕੇ ਇਸ ਰਾਸ਼ੀ ਨੇ ਉਸ ਨੂੰ ਬਹੁਤ ਵੱਡਾ ਸਹਾਰਾ ਦਿੱਤਾ ਹੈ। ਰਾਜ ਮਿਸਤਰੀ ਨਾਲ ਕੰਮ ਕਰਦੇ ਮਜਦੂਰ ਰਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਪੈਸੇ ਨਾਲ ਬਿਜਲੀ ਦਾ ਬਿਲ ਅਤੇ ਬੱਚਿਆਂ ਦੀ ਫ਼ੀਸ ਭਰਨਗੇ।
ਲੱਕੜ ਦਾ ਕੰਮ ਕਰਦੇ ਪਟਿਆਲਾ ਵਾਸੀ ਤਰਸੇਮ ਸਿੰਘ ਨੇ ਵੀ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਰਾਸ਼ੀ ਨਾਲ ਉਸਦੇ ਘਰੇਲੂ ਖ਼ਰਚੇ ਪੂਰੇ ਹੋ ਗਏ ਹਨ। ਇੱਕ ਹੋਰ ਕਾਮੇ ਸੁਖਵਿੰਦਰ ਸਿੰਘ, ਜੋ ਕਿ ਦਾ ਦਿਹਾੜੀਦਾਰ ਮਜ਼ਦੂਰ ਨੇ ਵੀ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਆਪਣੇ ਆਰਮੀ ਸਕੂਲ ‘ਚ ਪੜ੍ਹਦੇ ਬੱਚਿਆਂ ਦੀ ਬਕਾਇਆ ਫੀਸ ਜਮ੍ਹਾਂ ਕਰਵਾਉਣ ਦੀ ਗੱਲ ਆਖੀ ਹੈ। ਲੱਕੜ ਦੇ ਕੰਮ ਕਰਦੇ ਦੁੱਧੜ ਦੇ ਵਸਨੀਕ ਲਖਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਪੈਸੇ ਨਾਲ ਆਪਣੇ ਬੱਚਿਆਂ ਨੂੰ ਨਵੇਂ ਕੱਪੜੇ ਲੈਕੇ ਦੇਣਗੇ।
ਜਦੋਂਕਿ ਪਟਿਆਲਾ ਦੇ ਸਹਾਇਕ ਕਿਰਤ ਕਮਿਸ਼ਨਰ ਸ. ਜਗਪ੍ਰੀਤ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਐਲਾਨ ਮੁਤਾਬਕ ਕਿਰਤੀਆਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਹਨ।