ਰਾਧਾ ਸੁਆਮੀ ਸਤਿਸੰਗ ਬਿਆਸ ਨੇ ਜ਼ਮੀਨ ਦਾਨ ਕੀਤੀ ਅਤੇ ਲੋਕਾਂ ਦੀ ਸਹੂਲਤ ਲਈ ਅਤਿ-ਆਧੁਨਿਕ ਕੰਪਲੈਕਸ ਦਾ ਨਿਰਮਾਣ ਕੀਤਾ
ਪੰਜਾਬ ਦੇ ਸਰਵਪੱਖੀ ਵਿਕਾਸ ਵਿੱਚ ਧਾਰਮਿਕ ਸੰਸਥਾਵਾਂ ਦਾ ਯੋਗਦਾਨ ਸ਼ਲਾਘਾਯੋਗ : ਮੁੱਖ ਮੰਤਰੀ ਚੰਨੀ
ਡੀਜੀਪੀ ਦੀ ਨਿਯੁਕਤੀ ਪੈਨਲ ਅਨੁਸਾਰ ਹੋਵੇਗੀ
ਬਿਆਸ, 20 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਨਵੇਂ ਬਣੇ ਸਬ-ਤਹਿਸੀਲ ਬਿਆਸ ਦੇ ਕੰਪਲੈਕਸ ਦੀ ਅਤਿ-ਆਧੁਨਿਕ ਇਮਾਰਤ ਨੂੰ ਲੋਕ ਅਰਪਣ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਵਿੱਚ ਧਾਰਮਿਕ ਸੰਸਥਾਵਾਂ ਦੀ ਭੂਮਿਕਾ ਹਮੇਸ਼ਾ ਹੀ ਸ਼ਲਾਘਾਯੋਗ ਰਹੀ ਹੈ। ਆਧੁਨਿਕ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਸ੍ਰੀ ਚੰਨੀ ਨੇ ਕਿਹਾ ਕਿ ਹੁਣ ਬਿਆਸ ਵਿਖੇ ਇਸ ਸਹੂਲਤ ਦਾ ਸਿੱਧਾ ਲਾਭ ਲਗਭਗ 30 ਪਿੰਡਾਂ ਦੇ 70,000 ਤੋਂ ਵੱਧ ਵਸਨੀਕਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਕੰਪਲੈਕਸ ਪ੍ਰਸ਼ਾਸਨਿਕ ਕੰਮਾਂ ਅਤੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਜ਼ਮੀਨ ਦੀ ਰਜਿਸਟਰੀ, ਫਰਦ ਲੈਣ ਆਦਿ ਤੋਂ ਇਲਾਵਾ ਸੁਵਿਧਾ ਕੇਂਦਰ ਤੇ ਫਰਦ ਕੇਂਦਰ ਵਰਗੀਆਂ ਜਰੂਰੀ ਸੇਵਾਵਾਂ ਦੇਵੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਵੱਧ ਤੋਂ ਵੱਧ ਨਾਗਰਿਕ ਸੇਵਾਵਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਨਾਲ ਲੋਕਾਂ ਨੂੰ ਲੋੜੀਂਦੇ ਦਸਤਾਵੇਜ਼ ਸਮੇਂ ਸਿਰ ਅਤੇ ਤੁਰੰਤ ਜਾਰੀ ਹੋ ਸਕਣਗੇ।
ਜ਼ਿਕਰਯੋਗ ਹੈ ਕਿ ਰਾਧਾਸੁਆਮੀ ਸਤਿਸੰਗ ਬਿਆਸ ਨੇ ਸਬ ਤਹਿਸੀਲ ਦਫ਼ਤਰ ਲਈ ਨਵਾਂ ਕੰਪਲੈਕਸ ਬਣਾ ਕੇ ਪੰਜਾਬ ਸਰਕਾਰ ਨੂੰ ਦਿੱਤਾ ਹੈ, ਜੋ ਕਿ ਪੰਜ ਏਕੜ ਜ਼ਮੀਨ ਵਾਲੇ ਵਿਸ਼ਾਲ ਖੇਤਰ ਦੇ ਨਾਲ ਸੂਬੇ ਦੀਆਂ ਆਧੁਨਿਕ ਇਮਾਰਤਾਂ ਵਿੱਚੋਂ ਇੱਕ ਹੈ। ਸਬ-ਤਹਿਸੀਲ ਕੰਪਲੈਕਸ ਵਿੱਚ 15,559 ਵਰਗ ਫੁੱਟ ਦੇ ਉਸਾਰੇ ਗਏ ਖੇਤਰ, 10492 ਵਰਗ ਫੁੱਟ ਦੇ ਖੁੱਲ੍ਹੇ ਸ਼ੈੱਡ, 22519 ਵਰਗ ਫੁੱਟ ਖੇਤਰ ਵਿੱਚ ਪਾਰਕਿੰਗ ਤੋਂ ਇਲਾਵਾ 128156 ਵਰਗ ਫੁੱਟ ਹਰੇ ਭਰੇ ਪਾਰਕ ਹਨ। ਪੂਰੀ ਤਰ੍ਹਾਂ ਸਜਾਏ ਇਸ ਕੰਪਲੈਕਸ ਵਿੱਚ ਉਪ ਤਹਿਸੀਲਦਾਰ ਦੇ ਦਫ਼ਤਰ ਅਤੇ ਅਦਾਲਤੀ ਕਮਰੇ ਸਮੇਤ ਕੁੱਲ 34 ਕਮਰੇ, ਸਮੁੱਚੇ ਸਟਾਫ਼ ਲਈ ਕਮਰੇ ਅਤੇ ਇੱਕ ਕਾਨਫਰੰਸ ਰੂਮ ਹੈ ਜਦਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਕੈਂਪ ਦਫ਼ਤਰ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਮਾਰਤ ਦਾ ਡਿਜ਼ਾਇਨ, ਲੇਆਉਟ ਅਤੇ ਆਰਕੀਟੈਕਚਰ ਭਵਿੱਖ ਵਿੱਚ ਬਣਨ ਵਾਲੀਆਂ ਅਜਿਹੀਆਂ ਇਮਾਰਤਾਂ ਲਈ ਨਮੂਨੇ ਵਜੋਂ ਵਰਤਿਆ ਜਾ ਸਕਦਾ ਹੈ।
ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ 5 ਕਰੋੜ ਰੁਪਏ ਦੀ ਲਾਗਤ ਨਾਲ ਸਬ-ਤਹਿਸੀਲ ਬਣਾਉਣ ਲਈ ਧੰਨਵਾਦ ਕੀਤਾ। ਇਕ ਸਵਾਲ ਦਾ ਜਵਾਬ ਦਿੰਦੇ ਹੋਏ ਸ੍ਰੀ ਚੰਨੀ ਨੇ ਕਿਹਾ ਕਿ ਡੀਜੀਪੀ ਦੀ ਨਿਯੁਕਤੀ ਦਾ ਪੈਨਲ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ ਅਤੇ ਉਸ ਅਨੁਸਾਰ ਹੀ ਨਿਯੁਕਤੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਸਰਕਾਰ ਇਸ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਵੱਡੀਆਂ ਮੱਛੀਆਂ ਨੂੰ ਫੜਨ ਲਈ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।
ਇਸ ਮੌਕੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਤਰਸੇਮ ਸਿੰਘ ਡੀਸੀ ਅਤੇ ਬਲਵਿੰਦਰ ਸਿੰਘ ਲਾਡੀ, ਚੇਅਰਮੈਨ ਪਨਗ੍ਰੇਨ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਐਸਐਸਪੀ ਰਾਕੇਸ਼ ਕੌਸ਼ਲ ਵੀ ਹਾਜ਼ਰ ਸਨ।